ਨਿਊ ਯਾਰਕ, 11 ਜਨਵਰੀ

ਨਿਊ ਯਾਰਕ ਸ਼ਹਿਰ ਵਿਚ ਅੱਗ ਲੱਗਣ ਦੀ ਘਟਨਾ ’ਚ 19 ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਨੌਂ ਬੱਚੇ ਵੀ ਸ਼ਾਮਲ ਹਨ। ਸ਼ਹਿਰ ਦੇ ਹਾਲ ਦੇ ਇਤਿਹਾਸ ਵਿਚ ਅੱਗ ਲੱਗਣ ਦੀ ਇਹ ਸਭ ਤੋਂ ਮਾੜੀ ਘਟਨਾ ਹੈ। ਵੇਰਵਿਆਂ ਮੁਤਾਬਕ ਅੱਗ ਇਕ ਅਪਾਰਟਮੈਂਟ ਵਿਚ ਲੱਗੀ। ਅੱਗ ਲੱਗਣ ਦਾ ਕਾਰਨ ਇਲੈਕਟ੍ਰਿਕ ਸਪੇਸ ਹੀਟਰ ਦਾ ਖ਼ਰਾਬ ਹੋਣਾ ਦੱਸਿਆ ਜਾ ਰਿਹਾ ਹੈ। 19 ਮੰਜ਼ਿਲਾ ਇਮਾਰਤ ਬਰੌਂਕਸ ਵਿਚ ਹੈ ਤੇ ਅੱਗ ਐਤਵਾਰ ਸਵੇਰੇ ਕਰੀਬ 11 ਵਜੇ ਲੱਗੀ। ਹਾਲੇ ਕੁਝ ਦਿਨ ਪਹਿਲਾਂ ਫਿਲਾਡੈਲਫੀਆ ਦੇ ਇਕ ਅਪਾਰਟਮੈਂਟ ਵਿਚ ਅੱਗ ਲੱਗਣ ਨਾਲ 12 ਮੌਤਾਂ ਹੋ ਗਈਆਂ ਸਨ। ਮ੍ਰਿਤਕਾਂ ਵਿਚ ਅੱਠ ਬੱਚੇ ਵੀ ਸ਼ਾਮਲ ਸਨ। ਨਿਊ ਯਾਰਕ ਸ਼ਹਿਰ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ‘ਇਹ ਬਹੁਤ ਵੱਡੀ ਤ੍ਰਾਸਦੀ ਹੈ। ਅਸੀਂ ਅੱਜ ਆਪਣੇ 19 ਸਾਥੀ ਗੁਆ ਦਿੱਤੇ ਹਨ…ਆਓ ਉਨ੍ਹਾਂ ਲਈ ਪ੍ਰਾਰਥਨਾ ਕਰੀਏ, ਖਾਸ ਕਰ ਕੇ ਉਨ੍ਹਾਂ ਨੌਂ ਨਿੱਕੀਆਂ ਜਿੰਦਾਂ ਲਈ ਜਿਨ੍ਹਾਂ ਦੀ ਹਾਦਸੇ ਵਿਚ ਮੌਤ ਹੋ ਗਈ ਹੈ।’ ਐਤਵਾਰ ਵਾਪਸੀ ਇਸ ਘਟਨਾ ਵਿਚ 30 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਐਡਮਜ਼ ਨੇ ਦੱਸਿਆ ਕਿ ਜਿਸ ਇਮਾਰਤ ਵਿਚ ਅੱਗ ਲੱਗੀ, ਉੱਥੇ ਜ਼ਿਆਦਾਤਰ ਮੁਸਲਿਮ ਅਬਾਦੀ ਹੈ ਤੇ ਜ਼ਿਆਦਾਤਰ ਅਫ਼ਰੀਕਾ ਦੇ ਗਾਂਬੀਆ ਤੋਂ ਆਏ ਅਵਾਸੀ ਹਨ। ਮੇਅਰ ਨੇ ਇਕ ਮੀਡੀਆ ਕਾਨਫਰੰਸ ਵਿਚ ਕਿਹਾ, ‘ਨਿਊ ਯਾਰਕ ਸ਼ਹਿਰ ਵਿਚ ਇਹ ਬੇਹੱਦ ਮਾੜੀ, ਡਰਾਉਣ ਵਾਲੀ ਤੇ ਦਰਦਨਾਕ ਘਟਨਾ ਵਾਪਰੀ ਹੈ। ਇਸ ਦਾ ਦਰਦ ਪੂਰਾ ਸ਼ਹਿਰ ਮਹਿਸੂਸ ਕਰ ਰਿਹਾ ਹੈ ਤੇ ਉਦਾਸ ਹੈ।’ ਮੇਅਰ ਨੇ ਦੱਸਿਆ ਕਿ 32 ਗੰਭੀਰ ਜ਼ਖ਼ਮੀ ਹਨ, 22 ਹੋਰ ਹਲਕੇ ਜ਼ਖ਼ਮੀ ਹਨ। ਨਿਊ ਯਾਰਕ ਸ਼ਹਿਰ ਦੇ ਫਾਇਰ ਵਿਭਾਗ ਦੇ ਕਮਿਸ਼ਨਰ ਡੇਨੀਅਲ ਨੀਗਰੋ ਨੇ ਕਿਹਾ ਕਿ ਅੱਗ ਬੁਝਾਊ ਅਮਲਾ ਫੋਨ ਆਉਣ ਦੇ ਤਿੰਨ ਮਿੰਟ ਦੇ ਅੰਦਰ ਘਟਨਾ ਸਥਾਨ ਕੋਲ ਪਹੁੰਚ ਗਿਆ ਸੀ। ਇਹ ਡੁਪਲੈਕਸ ਅਪਾਰਟਮੈਂਟ ਸੀ ਜਿੱਥੇ ਅੱਗ ਲੱਗੀ ਸੀ। ਉਨ੍ਹਾਂ ਦੱਸਿਆ ਕਿ ਅੱਗ ਹਾਲਵੇਅ ਤੱਕ ਫੈਲ ਚੁੱਕੀ ਸੀ, ਹਰ ਪਾਸੇ ਧੂੰਆਂ ਹੀ ਨਜ਼ਰ ਆ ਰਿਹਾ ਸੀ। ਧੂੰਆਂ ਇਮਾਰਤ ਦੀ ਉਚਾਈ ਤੱਕ ਫੈਲ ਚੁੱਕਾ ਸੀ ਤੇ ਲੋਕ ਫਰਸ਼ ਉਤੇ ਲੋਕ ਡਿਗੇ ਹੋਏ ਸਨ। ਮੌਤਾਂ ਦਮ ਘੁੱਟਣ ਕਾਰਨ ਤੇ ਦਿਲ ਦਾ ਦੌਰਾ ਪੈਣ ਕਾਰਨ ਵੀ ਹੋਈਆਂ ਹਨ। ਨੀਗਰੋ ਨੇ ਕਿਹਾ ਕਿ ਨਿਊ ਯਾਰਕ ਵਿਚ ਇਸ ਤਰ੍ਹਾਂ ਦੀ ਘਟਨਾ ਦਾ ਕਿਆਸ ਲਾਉਣ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਹੀਟਰ ਅਪਾਰਟਮੈਂਟ ਵਿਚ ਬੈੱਡ ਉਤੇ ਪਿਆ ਸੀ ਤੇ ਅੱਗ ਪਹਿਲਾਂ ਕਮਰੇ ਵਿਚ ਲੱਗੀ ਤੇ ਮਗਰੋਂ ਪੂਰੇ ਅਪਾਰਟਮੈਂਟ ਵਿਚ ਫੈਲ ਗਈ। ਸੀਐੱਨਐੱਨ ਮੁਤਾਬਕ ਇਮਾਰਤ ਕਰੀਬ 50 ਸਾਲ ਪੁਰਾਣੀ ਹੈ।