ਹੈਮਿਲਟਨ, 4 ਦਸੰਬਰ
ਕੇਨ ਵਿਲੀਅਮਸਨ ਅਤੇ ਰੋਸ ਟੇਲਰ ਦੇ ਸੈਂਕੜਿਆਂ ਦੀ ਬਦੌਲਤ ਨਿਊਜ਼ੀਲੈਂਡ ਨੇ ਇੰਗਲੈਂਡ ਖ਼ਿਲਾਫ਼ ਮੀਂਹ ਤੋਂ ਪ੍ਰਭਾਵਿਤ ਦੂਜਾ ਟੈਸਟ ਡਰਾਅ ਕਰਵਾ ਕੇ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ। ਨਿਊਜ਼ੀਲੈਂਡ ਨੂੰ ਆਖ਼ਰੀ ਦਿਨ ਹਾਰ ਤੋਂ ਬਚਣ ਲਈ ਮਜ਼ਬੂਤ ਪਾਰੀਆਂ ਦੀ ਲੋੜ ਸੀ। ਇਸ ਦੇ ਨਾਲ ਹੀ ਇੰਗਲੈਂਡ ਦੀ ਖ਼ਰਾਬ ਫੀਲਡਿੰਗ ਨੇ ਉਸ ਦਾ ਰਾਹ ਹੋਰ ਸੌਖਾ ਕਰ ਦਿੱਤਾ। ਵਿਲੀਅਮਸਨ ਨੂੰ ਪਾਰੀ ਦੌਰਾਨ ਤਿੰਨ ਜੀਵਨਦਾਨ ਮਿਲੇ। ਲੰਚ ਦੇ ਸੈਸ਼ਨ ਮਗਰੋਂ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਦੋਂ ਨਿਊਜ਼ੀਲੈਂਡ ਦਾ ਸਕੋਰ ਦੂਜੀ ਪਾਰੀ ਵਿੱਚ ਦੋ ਵਿਕਟਾਂ ’ਤੇ 241 ਦੌੜਾਂ ਸੀ। ਟੇਲਰ 105 ਦੌੜਾਂ ਤੇ ਵਿਲੀਅਮਸਨ 104 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਜਿੱਤ ਨਾਲ ਨਿਊਜ਼ੀਲੈਂਡ ਦੀ ਪਿਛਲੀਆਂ 10 ਟੈਸਟ ਲੜੀਆਂ ਵਿੱਚ ਰਿਕਾਰਡ ਅੱਠਵੀਂ ਜਿੱਤ ਹੈ। ਉਸ ਨੇ ਇੱਕ ਮੈਚ ਡਰਾਅ ਖੇਡਿਆ ਹੈ, ਜਦੋਂਕਿ ਦੱਖਣੀ ਅਫਰੀਕਾ ਤੋਂ ਇੱਕ ਵਿੱਚ ਹਾਰ ਝੱਲਣੀ ਪਈ। ਵਿਲੀਅਮਸਨ ਨੇ ਲੰਚ ਦੇ ਸੈਸ਼ਨ ਮਗਰੋਂ ਤੀਜੇ ਓਵਰ ਵਿੱਚ ਜੋਅ ਰੂਟ ਦੀ ਗੇਂਦ ’ਤੇ ਚੌਕਾ ਮਾਰ ਕੇ ਆਪਣਾ 21ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਇਸੇ ਤਰ੍ਹਾਂ ਟੇਲਰ ਨੇ ਰੂਟ ਦੇ ਅਗਲੇ ਓਵਰ ਵਿੱਚ ਆਪਣਾ 19ਵਾਂ ਸੈਂਕੜਾ ਪੂਰਾ ਕੀਤਾ। ਉਸਨੇ ਇਸ ਓਵਰ ਵਿੱਚ ਲਗਾਤਾਰ ਦੋ ਗੇਂਦਾਂ ’ਤੇ ਇੱਕ ਚੌਕਾ ਅਤੇ ਇੱਕ ਛੱਕਾ ਜੜਿਆ। ਨਿਊਜ਼ੀਲੈਂਡ ਨੇ ਦੋ ਵਿਕਟਾਂ ’ਤੇ 96 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਇੰਗਲੈਂਡ ਦੇ ਇਰਾਦੇ ਸ਼ੁਰੂਆਤੀ ਵਿਕਟਾਂ ਛੇਤੀ ਲੈਣ ਦੇ ਸਨ, ਪਰ ਓਲੀ ਪੋਪ ਅਤੇ ਜੋਅ ਡੇਨਲੀ ਨੇ ਵਿਲੀਅਮਸਨ ਦੇ ਆਸਾਨ ਕੈਚ ਛੱਡ ਕੇ ਉਸ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਵਿਲੀਅਮਸਨ ਨੇ ਉਸ ਸਮੇਂ 39 ਦੌੜਾਂ ਹੀ ਬਣਾਈਆਂ ਸਨ, ਜਦੋਂ ਪੋਪ ਨੇ ਬੈਨ ਸਟੋਕਸ ਦੀ ਗੇਂਦ ’ਤੇ ਉਸ ਦਾ ਕੈਚ ਛੱਡਿਆ। ਉਸ ਮਗਰੋਂ ਡੇਨਲੀ ਨੇ 62 ਦੌੜਾਂ ਦੇ ਨਿੱਜੀ ਸਕੋਰ ’ਤੇ ਉਸ ਦਾ ਆਸਾਨ ਕੈਚ ਛੱਡ ਦਿੱਤਾ।