ਮੋਂਗਨੁਈ, 12 ਫਰਵਰੀ
ਇਕ ਰੋਜ਼ਾ ਕ੍ਰਿਕਟ ਲੜੀ ਵਿਚ ਪਿਛਲੇ 31 ਸਾਲਾਂ ’ਚ ਭਾਰਤ ਨੂੰ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਕੇ 3-0 ਨਾਲ ਮੈਚਾਂ ਦੀ ਲੜੀ ਆਪਣੇ ਨਾਂ ਕਰ ਲਈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੂੰ ਆਖ਼ਰੀ ਵਾਰ ਵੈਸਟਇੰਡੀਜ਼ ਨੇ 1989 ਵਿੱਚ 5-0 ਨਾਲ ਹਰਾਇਆ ਸੀ। ਭਾਰਤ ਦੇ ਸੱਤ ਵਿਕਟਾਂ ’ਤੇ 296 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ 47.1 ਓਵਰਾਂ ਵਿਚ ਪੰਜ ਵਿਕਟਾਂ ’ਤ 300 ਦੌੜਾਂ ਬਣਾਈਆਂ।
ਹੈਨਰੀ ਨਿਕੋਲਸ ਨੇ 103 ਗੇਂਦਾਂ ਵਿਚ 80 ਅਤੇ ਮਾਰਟਿਨ ਗੁਪਟਿਲ ਨੇ 46 ਗੇਂਦਾਂ ਵਿਚ 66 ਦੌੜਾਂ ਬਣਾਈਆਂ। ਕੋਲਿਨ ਡੇ ਗ੍ਰੈਂਡਹੋਮ ਨੇ 28 ਗੇਂਦਾਂ ‘ਤੇ ਨਾਬਾਦ 58 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕੇਐਲ ਰਾਹੁਲ ਦੇ ਕਰੀਅਰ ਦੇ ਚੌਥੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਸ਼ੁਰੂਆਤੀ ਝਟਕੇ ਤੋਂ ਉਭਰਦੇ ਹੋਏ ਸੱਤ ਵਿਕਟਾਂ ’ਤੇ 296 ਦੌੜਾਂ ਬਣਾਈਆਂ ਸਨ।
ਜਿੱਤ ਲਈ 297 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਸ਼ਾਨਦਾਰ ਸ਼ੁਰੂਆਤ ਹੋਈ। ਗੁਪਟਿਲ ਅਤੇ ਨਿਕੋਲਸ ਨੇ 40 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੇ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਪਟਿਲ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਚਾਰ ਛੱਕੇ ਮਾਰੇ। ਭਾਰਤ ਦੇ ਸ਼ਰਦੂਲ ਠਾਕੁਰ ਨੇ 87 ਅਤੇ ਨਵਦੀਪ ਸੈਣੀ ਨੇ 68 ਦੌੜਾਂ ਦਿੱਤੀਆਂ। ਜਸਪ੍ਰੀਤ ਬੁਮਰਾਹ ਨੂੰ ਪੂਰੀ ਲੜੀ ਵਿਚ ਵਿਕਟ ਨਹੀਂ ਮਿਲਿਆ। ਯੁਜਵੇਂਦਰ ਚਾਹਲ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਸ ਨੇ ਗੁਪਟਿਲ ਨੂੰ 17ਵੇਂ ਓਵਰ ਵਿੱਚ ਆਊਟ ਕੀਤਾ। ਮੈਨ ਆਫ ਦਿ ਮੈਚ ਨਿਕੋਲਸ ਨੇ ਪਾਰੀ ਦੀ ਲੀਡ ਖੇਡਦਿਆਂ 72 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਕੇਨ ਵਿਲੀਅਮਸਨ (22) ਨਾਲ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਚਾਹਲ ਨੇ ਦੋ ਹੋਰ ਵਿਕਟਾਂ ਲਈਆਂ ਅਤੇ ਰਵਿੰਦਰ ਜਡੇਜਾ ਰੋਸ ਟੇਲਰ (12) ਨੂੰ ਆਊਟ ਕੀਤਾ। ਨਿਊਜ਼ੀਲੈਂਡ ਦੀਆਂ ਚਾਰ ਵਿਕਟਾਂ 33ਵੇਂ ਓਵਰ ਵਿੱਚ 189 ਦੌੜਾਂ ਉੱਤੇ ਡਿੱਗ ਗਈਆਂ ਸਨ। ਡੀ ਗ੍ਰੈਂਡਹੋਮ ਨੇ 21 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਉਸ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਤਿੰਨ ਛੱਕੇ ਮਾਰੇ।
ਭਾਰਤ ਦੀ ਫੀਲਡਿੰਗ ਇਕ ਵਾਰ ਫਿਰ ਮਾੜੀ ਰਹੀ। ਇਸ ਤੋਂ ਪਹਿਲਾਂ ਭਾਰਤ ਲਈ ਰਾਹੁਲ ਨੇ 113 ਗੇਂਦਾਂ ਵਿਚ 9 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ। ਭਾਰਤ ਨੇ 13ਵੇਂ ਓਵਰ ਵਿਚ 62 ਦੌੜਾਂ ਦੇ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ ਪਰ ਰਾਹੁਲ ਨੇ ਪਾਰੀ ਨੂੰ ਸੰਭਾਲਿਆ। ਉਸ ਨੇ ਸ਼੍ਰੇਅਸ ਅਈਅਰ ਨਾਲ 100 ਦੌੜਾਂ ਦੀ ਭਾਈਵਾਲੀ ਬਣਾਈ। ਅਈਅਰ ਨੇ 63 ਗੇਂਦਾਂ ’ਤੇ 62 ਦੌੜਾਂ ਬਣਾਈਆਂ। ਬਾਅਦ ਵਿੱਚ ਉਸ ਨੇ ਮਨੀਸ਼ ਪਾਂਡੇ ਨਾਲ ਪੰਜਵੇਂ ਵਿਕਟ ਲਈ 48 ਗੇਂਦਾਂ ਵਿੱਚ 42 ਦੌੜਾਂ ਜੋੜੀਆਂ।
ਲੜੀ ਦੇ ਪਹਿਲੇ ਦੋ ਮੈਚ ਜਿੱਤਣ ਵਾਲੀ ਨਿਊਜ਼ੀਲੈਂਡ ਦੀ ਟੀਮ ਲਈ ਹਮਿਸ਼ ਬੇਨੇਟ ਨੇ 64 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਕਪਤਾਨ ਕੇਨ ਵਿਲੀਅਮਸਨ ਸੱਟ ਤੋਂ ਬਾਅਦ ਠੀਕ ਹੋ ਕੇ ਮੇਜ਼ਬਾਨ ਟੀਮ ਵਿੱਚ ਪਰਤ ਆਇਆ ਹੈ।
ਮਨੀਸ਼ ਪਾਂਡੇ ਨੂੰ ਕੇਦਾਰ ਜਾਧਵ ਨੂੰ ਭਾਰਤੀ ਟੀਮ ਵਿਚ ਤਬਦੀਲ ਕੀਤਾ ਗਿਆ ਹੈ ਪਰ ਭਾਰਤੀ ਟੀਮ ਦੀ ਸ਼ੁਰੂਆਤ ਮਾੜੀ ਰਹੀ। ਕਾਈਲ ਜੈਮੀਸਨ ਨੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (1) ਨੂੰ ਆਊਟ ਕੀਤਾ। ਭਾਰਤ ਨੂੰ ਸੱਤਵੇਂ ਓਵਰ ਵਿਚ ਸਭ ਤੋਂ ਵੱਡਾ ਝਟਕਾ ਲੱਗਾ ਜਦੋਂ ਕਪਤਾਨ ਵਿਰਾਟ ਕੋਹਲੀ (9) ਆਪਣਾ ਵਿਕਟ ਗਵਾ ਬੈਠੇ। ਸਲਾਮੀ ਬੱਲੇਬਾਜ਼ ਪ੍ਰਿਥਵੀ ਸੌ ਨੇ 42 ਗੇਂਦਾਂ ਵਿਚ 40 ਦੌੜਾਂ ਬਣਾਈਆਂ। ਅਈਅਰ ਅਤੇ ਰਾਹੁਲ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ ਤੇ 52 ਗੇਂਦਾਂ ਵਿਚ 50 ਦੌੜਾਂ ਬਣਾਈਆਂ। ਰਾਹੁਲ ਦਾ ਸੈਂਕੜਾ 104 ਗੇਂਦਾਂ ਵਿੱਚ ਪੂਰਾ ਹੋਇਆ।