ਹੈਮਿਲਟਨ, 13 ਫਰਵਰੀ
ਭਾਰਤ ਦੇ ਸੀਨੀਅਰ ਆਫ਼ ਸਪਿੰਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਭਾਰਤ ‘ਏ’ ਲਈ ਹਾਲ ਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਸ਼ੁਭਮਨ ਗਿੱਲ ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਖੇਡਣ ਲਈ ਤਿਆਰ ਹੈ। ਸ਼ੁਭਮਨ ਨੇ ਪਹਿਲੇ ‘ਏ’ ਟੈਸਟ ਮੈਚ ਵਿੱਚ 83 ਅਤੇ ਨਾਬਾਦ 204 ਦੌੜਾਂ ਬਣਾਈਆਂ। ਇਸ ਮਗਰੋਂ ਦੂਜੇ ਮੈਚ ਵਿੱਚ ਸੈਂਕੜਾ ਜੜਿਆ। ਪ੍ਰਿਥਵੀ ਸ਼ਾਅ ਵੀ ਅੰਤਿਮ ਟੀਮ ਵਿੱਚ ਚੋਣ ਦਾ ਦਾਅਵੇਦਾਰ ਹੈ ਜੋ 16 ਮਹੀਨਿਆਂ ਮਗਰੋਂ ਟੈਸਟ ਵਿੱਚ ਵਾਪਸੀ ਕਰ ਰਿਹਾ ਹੈ।
ਹਰਭਜਨ ਨੇ ਕਿਹਾ, ‘‘ਸ਼ੁਭਮਨ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਰਿਜ਼ਰਵ ਸਲਾਮੀ ਬੱਲੇਬਾਜ਼ ਵਜੋਂ ਟੀਮ ਵਿੱਚ ਕਾਫ਼ੀ ਸਮੇਂ ਤੋਂ ਹੈ।’’ ਰੋਹਿਤ ਸ਼ਰਮਾ ਦੇ ਜ਼ਖ਼ਮੀ ਹੋਣ ਅਤੇ ਕੇਐੱਲ ਰਾਹੁਲ ਦੀ ਚੋਣ ਨਾ ਹੋਣ ਕਾਰਨ ਭਾਰਤ ਟੈਸਟ ਟੀਮ ਵਿੱਚ ਮਯੰਕ ਅਗਰਵਾਲ ਤੋਂ ਪਾਰੀ ਦਾ ਆਗਾਜ਼ ਕਰਵਾ ਸਕਦਾ ਹੈ। ਅਗਰਵਾਲ ਹਾਲਾਂਕਿ ‘ਏ’ ਟੈਸਟ ਅਤੇ ਤਿੰਨ ਇੱਕ ਰੋਜ਼ਾ ਵਿੱਚ ਨਾਕਾਮ ਰਿਹਾ ਹੈ। ਹਰਭਜਨ ਨੇ ਕਿਹਾ, ‘‘ਮਯੰਕ ਦਾ ਟੈਸਟ ਕ੍ਰਿਕਟ ਵਿੱਚ ਚੰਗਾ ਰਿਕਾਰਡ ਹੈ। ਉਹ ਖੇਡ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਤਿੰਨ ਇੱਕ ਰੋਜ਼ਾ ਪਾਰੀਆਂ ਅਤੇ ਇੱਕ ਅਭਿਆਸ ਮੈਚ ਦੇ ਕਾਰਨ ਉਸ ਨੂੰ ਬਾਹਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਨਹੀਂ ਹੁੰਦਾ।’’ ਉਸ ਨੇ ਕਿਹਾ, ‘‘ਉਸ ਨੇ ਹਰ ਸਮੇਂ ਦੌੜਾਂ ਬਣਾਈਆਂ ਹਨ। ਮੇਰਾ ਮੰਨਣਾ ਹੈ ਕਿ ਮਯੰਕ ਅਤੇ ਸ਼ੁਭਮਨ ਨੂੰ ਪਹਿਲਾ ਟੈਸਟ ਖੇਡਣਾ ਚਾਹੀਦਾ ਹੈ।’’ ਭਾਰਤ ਦੇ ਸਾਬਕਾ ਵਿਕਟਕੀਪਰ ਦੀਪ ਦਾਸਗੁਪਤਾ ਦਾ ਮੰਨਣਾ ਹੈ ਕਿ ਪ੍ਰਿਥਵੀ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਸ ਨੇ ਕਿਹਾ, ‘‘ਮੈਂ ਮੰਨਦਾ ਹਾਂ ਕਿ ਸ਼ੁਭਮਨ ਸ਼ਾਨਦਾਰ ਲੈਅ ਵਿੱਚ ਹੈ, ਪਰ ਪ੍ਰਿਥਵੀ ਤਾਂ ਮਯੰਕ ਤੋਂ ਵੀ ਪਹਿਲਾਂ ਟੈਸਟ ਕ੍ਰਿਕਟ ਲਈ ਚੁਣਿਆ ਗਿਆ ਹੈ।’’ ਉਸ ਨੇ ਕਿਹਾ, ‘‘ਪ੍ਰਿਥਵੀ ਟੀਮ ਵਿੱਚ ਥਾਂ ਪਾਉਣ ਦਾ ਹੱਕਦਾਰ ਹੈ। ਸ਼ੁਭਮਨ ਨੂੰ ਉਡੀਕ ਕਰਨੀ ਹੋਵੇਗੀ।’’