ਓਟਵਾ, 20 ਮਾਰਚ : ਪਾਰਲੀਆਮੈਂਟਰੀ ਨਿਆਂ ਕਮੇਟੀ ਨੇ ਐਸਐਨਸੀ-ਲਾਵਾਲਿਨ ਮਾਮਲੇ ਦਾ ਅਧਿਐਨ ਮੁਕੰਮਲ ਕਰ ਲਿਆ ਹੈ। ਐਨਡੀਪੀ ਐਮਪੀ ਮੁਰੇ ਰੈਂਕਿਨ ਨੇ ਵਿਅੰਗਮਈ ਢੰਗ ਨਾਲ ਆਖਿਆ ਕਿ ਇਹ ਵਿਸ਼ਾ ਬਦਲਣ ਦਾ ਇੱਕ ਬਹੁਤ ਹੀ ਪਾਰਦਰਸ਼ੀ ਤਰੀਕਾ ਹੈ। ਕੰਜ਼ਰਵੇਟਿਵ ਐਮਪੀਜ਼ ਵੱਲੋਂ ਵੀ ਇਸ ਉੱਤੇ ਇਤਰਾਜ਼ ਪ੍ਰਗਟਾਇਆ ਗਿਆ।
ਨਿਆਂ ਕਮੇਟੀ ਨੇ ਕਿਊਬਿਕ ਦੀ ਇੰਜੀਨੀਅਰਿੰਗ ਕੰਪਨੀ ਐਸਐਨਸੀ-ਲਾਵਾਲਿਨ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਥਿਤ ਸਿਆਸੀ ਦਖਲ ਸਬੰਧੀ ਆਪਣੇ ਅਧਿਐਨ ਤੋਂ ਬਾਅਦ ਅਗਲੀ ਕਾਰਵਾਈ ਦੀ ਰੂਪ ਰੇਖਾ ਉਲੀਕਣ ਲਈ ਮੰਗਲਵਾਰ ਨੂੰ ਬੰਦ ਦਰਵਾਜ਼ਾ ਮੀਟਿੰਗ ਕੀਤੀ। ਹਾਲਾਂਕਿ ਵਿਰੋਧੀ ਧਿਰ ਦੇ ਐਮਪੀਜ਼ ਨੇ ਸਾਬਕਾ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਦੇ ਦੂਜੀ ਵਾਰੀ ਕਮੇਟੀ ਸਾਹਮਣੇ ਪੇਸ਼ ਹੋ ਕੇ ਗਵਾਹੀ ਦੇਣ ਦੇ ਹੱਕ ਵਿੱਚ ਲੜਾਈ ਲੜਨ ਦੀ ਯੋਜਨਾ ਬਣਾਈ। ਪਰ ਲਿਬਰਲਾਂ ਨੇ ਮੀਟਿੰਗ ਤੋਂ ਪਹਿਲਾਂ ਹੀ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਉਹ ਵਿਰੋਧੀ ਧਿਰ ਦੀ ਇਸ ਯੋਜਨਾ ਨੂੰ ਮਨਜ਼ੂਰੀ ਨਹੀਂ ਦੇਣਗੇ।
ਮੀਟਿੰਗ ਤੋਂ ਇੱਕ ਰਾਤ ਪਹਿਲਾਂ ਲਿਬਰਲਾਂ ਨੇ ਇਸ ਅਧਿਐਨ ਨੂੰ ਖ਼ਤਮ ਕਰਨ ਲਈ ਤੇ ਜਾਂਚ ਦੇ ਮਾਮਲੇ ਨੂੰ ਐਥਿਕਸ ਕਮਿਸ਼ਨਰ ਤੱਕ ਸੀਮਤ ਰੱਖਣ ਲਈ ਆਪਣੀ ਯੋਜਨਾ ਸਮਝਾਉਣ ਲਈ ਤਿੰਨ ਸਫਿਆਂ ਦਾ ਪੱਤਰ ਤਿਆਰ ਕੀਤਾ। ਇਸ ਪੱਤਰ ਵਿੱਚ ਲਿਖਿਆ ਗਿਆ ਕਿ ਕਮੇਟੀ ਮੈਂਬਰਾਂ ਵਜੋਂ ਅਸੀਂ ਇਨ੍ਹਾਂ ਮੀਟਿੰਗਾਂ ਦੇ ਸਬੰਧ ਵਿੱਚ ਆਪਣਾ ਮੰਤਵ ਹਾਸਲ ਕਰ ਲਿਆ ਹੈ।
ਇਹ ਵੀ ਆਖਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਕੀਤੀ ਗਈ ਇਸ ਬੰਦ ਦਰਵਾਜ਼ਾ ਮੀਟਿੰਗ ਵਿੱਚ ਕਮੇਟੀ ਵਿੱਚ ਸ਼ਾਮਲ ਲਿਬਰਲ ਐਮਪੀਜ਼ ਨੇ ਇਸ ਅਧਿਐਨ ਨੂੰ ਖ਼ਤਮ ਕਰਨ ਲਈ ਆਪਣੀ ਬਹੁਗਿਣਤੀ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਕਮੇਟੀ ਨੇ ਨਿਊਜ਼ੀਲੈਂਡ ਵਿੱਚ ਇੱਕ ਸਿਰਫਿਰੇ ਗੋਰੇ ਵਿਅਕਤੀ ਵੱਲੋਂ ਗੋਲੀਆਂ ਚਲਾ ਕੇ 50 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਰਗੇ ਗੈਰਮਨੁੱਖੀ ਕਾਰੇ ਜਿਹੀਆਂ ਨਫਰਤ ਨਾਲ ਭਰੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੈਨੇਡੀਅਨ ਹਿਊਮਨ ਰਾਈਟਸ ਐਕਟ ਵਿੱਚ ਸੋਧ ਕਿਵੇਂ ਕੀਤੀ ਜਾਵੇ ਇਸ ਮੁੱਦੇ ਉੱਤੇ ਵਿਚਾਰ ਚਰਚਾ ਕੀਤੀ।