ਓਟਵਾ, 21 ਜਨਵਰੀ  : ਮੈਕਸਿਮ ਬਰਨੀਅਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਦੀ ਪੀਪਲਜ਼ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਮੁੱਦੇ ਦੀ ਕੋਈ ਗੱਲ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਇਸ ਬਾਰੇ ਉਹ ਚਾਹੁੰਦੇ ਹਨ ਕਿ ਪ੍ਰੋਵਿੰਸ ਤੇ ਟੈਰੇਟਰੀਜ਼ ਆਪੋ ਆਪਣੀਆਂ ਯੋਜਨਾਵਾਂ ਲੈ ਕੇ ਆਉਣ ਤੇ ਉਨ੍ਹਾਂ ਉੱਤੇ ਕੰਮ ਕਰਨ। 
ਇੱਕ ਇੰਟਰਵਿਊ ਵਿੱਚ ਬਰਨੀਅਰ ਨੇ ਆਖਿਆ ਕਿ ਫੈਡਰਲ ਪੱਧਰ ਉੱਤੇ ਉਹ ਕਾਰਬਨ ਟੈਕਸ ਜਾਂ ਗਲੋਬਲ ਵਾਰਮਿੰਗ ਨੂੰ ਠੱਲ੍ਹ ਪਾਉਣ ਲਈ ਕੋਈ ਹੋਰ ਨੀਤੀਆਂ ਲਿਆਉਣ ਦੇ ਹੱਕ ਵਿੱਚ ਨਹੀਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਬਰਨੀਅਰ ਪੈਰਿਸ ਸਮਝੌਤੇ ਤੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਲਈ ਮਿਥੇ ਸੰਯੁਕਤ ਰਾਸ਼ਟਰ ਦੇ ਖਰੜੇ ਦੇ ਹੱਕ ਵਿੱਚ ਵੀ ਨਹੀਂ ਹਨ। 
ਬਰਨੀਅਰ ਨੇ ਆਖਿਆ ਕਿ ਜੇ ਪ੍ਰੋਵਿੰਸਾਂ ਕੋਲ ਪਹਿਲਾਂ ਹੀ ਕੋਈ ਯੋਜਨਾ ਲਾਗੂ ਹੈ ਤਾਂ ਉਹ ਚਾਹੁਣਗੇ ਕਿ ਉਹ ਉਸ ਨੂੰ ਜਾਰੀ ਰੱਖਣ ਤੇ ਜੇ ਸਬੰਧਤ ਪ੍ਰੋਵਿੰਸ ਵਾਤਾਵਰਣ ਵਿੱਚ ਸੁਧਾਰ ਲਈ ਕੋਈ ਹੋਰ ਕਦਮ ਨਹੀਂ ਚੁੱਕਣਾ ਚਾਹੁੰਦਾ ਤਾਂ ਉਨ੍ਹਾਂ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਬਰਨੀਅਰ ਨੇ ਆਖਿਆ ਕਿ ਉਹ ਚੀਨ ਨਾਲ ਮੁਕਤ ਵਪਾਰ ਸਮਝੌਤੇ ਨੂੰ ਜਾਰੀ ਰੱਖਣ ਵਿੱਚ ਵੀ ਕੋਈ ਦਿਲਚਸਪੀ ਨਹੀਂ ਰੱਖਦੇ। ਇਸ ਤੋਂ ਪਹਿਲਾਂ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਸਮੇਂ ਬਰਨੀਅਰ ਨੇ ਇਸ ਆਈਡੀਆ ਨੂੰ ਕਾਫੀ ਮੁੱਖ ਮੁੱਦਾ ਦੱਸਿਆ ਸੀ ਪਰ ਤਾਜ਼ਾ ਹਾਲਾਤ ਦੇ ਨਾਲ ਨਾਲ ਚੀਨ ਵਿੱਚ ਨਜ਼ਰਬੰਦ ਕੀਤੇ ਗਏ ਕੈਨੇਡੀਅਨਾਂ ਆਦਿ ਵਰਗੇ ਮਸਲੇ ਖੜ੍ਹੇ ਹੋਣ ਤੋਂ ਬਾਅਦ ਬਰਨੀਅਰ ਨੇ ਆਪਣਾ ਮਨ ਬਦਲ ਲਿਆ। 
ਜਿ਼ਮਨੀ ਚੋਣ ਲਈ ਆਪਣਾ ਪਹਿਲਾ ਉਮੀਦਵਾਰ ਮੈਦਾਨ ਵਿੱਚ ਉਤਾਰ ਕੇ ਪੀਪਲਜ਼ ਪਾਰਟੀ ਨੂੰ ਰਸਮੀ ਤੌਰ ਉੱਤੇ ਇਲੈਕਸ਼ਨਜ਼ ਕੈਨੇਡਾ ਵੱਲੋਂ ਫੈਡਰਲ ਪਾਰਟੀ ਦਾ ਦਰਜਾ ਮਿਲ ਜਾਵੇਗਾ। 2019 ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਬਰਨੀਅਰ ਨੇ ਸਾਰੇ 338 ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਕੀਤਾ ਹੈ।