ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦ ਰਾਖਵਾਂਕਰਨ ਮੁਹੱਈਆ ਕਰਨ ਵਾਲਾ ‘ਨਾਰੀ ਸ਼ਕਤੀ ਵੰਦਨ ਬਿੱਲ’ ਪੁਲਾੜ ਏਜੰਸੀ ਇਸਰੋ ਦੀਆਂ ਮਹਿਲਾ ਵਿਗਿਆਨੀਆਂ ਨੂੰ ਦੇਸ਼ ਦਾ ਤੋਹਫਾ ਹੈ। ਚੰਦਨਯਾਨ-3 ਮਿਸ਼ਨ ਅਤੇ ਪੁਲਾੜ ਖੇਤਰ ’ਚ ਭਾਰਤ ਦੀਆਂ ਹੋਰ ਪ੍ਰਾਪਤੀਆਂ ਬਾਰੇ ਲੋਕ ਸਭਾ ’ਚ ਚਰਚਾ ਦੀ ਸ਼ੁਰੂਆਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ 424 ਵਿਦੇਸ਼ੀ ਸੈਟੇਲਾਈਟਾਂ ਲਾਂਚ ਕੀਤੀਆਂ ਹਨ ਜਿਨ੍ਹਾਂ ’ਚੋਂ 389 ਸੈਟੇਲਾਈਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਲਾਂਚ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸੈਟੇਲਾਈਟਾਂ ਦੇ ਕਾਮਯਾਬੀ ਨਾਲ ਲਾਂਚ ਹੋਣ ਨਾਲ ਭਾਰਤ ਦਾ ਵਕਾਰ ਦੁਨੀਆ ਭਰ ’ਚ ਵਧਿਆ ਹੈ। ਉਨ੍ਹਾਂ ਕਿਹਾ, ‘ਸੰਸਦ ਦਾ ਇਹ ਵਿਸ਼ੇਸ਼ ਸੈਸ਼ਨ ‘ਨਾਰੀ ਸ਼ਕਤੀ ਵੰਦਨ ਬਿੱਲ’ ਨੂੰ ਸਮਰਪਿਤ ਹੈ। ਅਜਿਹੇ ’ਚ ਮੈਂ ਇਸ ਬਿੱਲ ਨੂੰ ਇਸਰੋ ਦੀਆਂ ਮਹਿਲਾ ਵਿਗਿਆਨੀਆਂ ਦੇ ਨਾਲ ਨਾਲ ਦੇਸ਼ ਦੀਆਂ ਸਾਰੀਆਂ ਮਹਿਲਾ ਵਿਗਿਆਨੀਆਂ ਲਈ ਦੇਸ਼ ਦਾ ਤੋਹਫ਼ਾ ਮੰਨਦਾ ਹਾਂ।’ ਉਨ੍ਹਾਂ ਕਿਹਾ ਕਿ ਇਹ ਸਦਨ ਤੇ ਸਾਰਾ ਦੇਸ਼ ਇਸਰੋ ਦੀਆਂ ਮਹਿਲਾ ਵਿਗਿਆਨੀਆਂ ਤੇ ਭਾਰਤ ਦੀ ਹਰ ਧੀ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਨੁੱਖਤਾ ਤੇ ਦੇਸ਼ ਦੇ ਵਿਕਾਸ ਲਈ ਵਿਗਿਆਨ ਤੇ ਸੱਭਿਆਚਾਰ ਦੋਵੇਂ ਬਰਾਬਰ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਦੋਵਾਂ ਤੱਤਾਂ ਨੂੰ ਬਰਾਬਰ ਅਹਿਮੀਅਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਇਹ ਤਰੱਕੀ ਸੱਭਿਆਚਾਰ ਤੇ ਕਦਰਾਂ-ਕੀਮਤਾਂ ਤੋਂ ਬਿਨਾਂ ਅਧੂਰੀ ਹੈ। ਕੇਂਦਰੀ ਮੰਤਰੀ ਅਨੂਪ੍ਰਿਆ ਪਟੇਲ ਨੇ ਚਰਚਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਪਿਛਲੇ ਛੇ ਦਹਾਕਿਆਂ ਦੌਰਾਨ ਭਾਰਤ ਦੀ ਪੁਲਾੜ ਦੀ ਯਾਤਰਾ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਵਿਗਿਆਨੀਆਂ ਦੀਆਂ ਕਈ ਪੀੜ੍ਹੀਆਂ ਦੀ ਸਾਂਝੀ ਕੋਸ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਨੇ ਨਾ ਸਿਰਫ਼ ਭਾਰਤ ਨੂੰ ਤਕਨੀਕੀ ਤਾਕਤ ਵਜੋਂ ਸਥਾਪਤ ਕੀਤਾ ਹੈ ਬਲਕਿ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦਿੱਤਾ ਹੈ।