ਓਟਾਵਾ— ਕੈਨੇਡਾ ‘ਚ ਅਮਰੀਕਾ ਦੀ ਨਵੀਂ ਡਿਪਲੋਮੈਟ ਬਣਨ ਤੋਂ ਬਾਅਦ ਕੈਨੇਡੀਅਨ ਮੀਡੀਆ ਨੂੰ ਦਿੱਤੇ ਆਪਣੇ ਪਹਿਲੇ ਇੰਟਰਵਿਊ ‘ਚ ਕੈਲੀ ਕ੍ਰਾਫਟ ਨੇ ਕਿਹਾ ਉਹ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਵੀ ਵਚਨਬੱਧ ਹੈ।
ਕ੍ਰਾਫਟ ਨੇ ਕਿਹਾ ਕਿ ਉਸ ਦੀ ਸ਼ਖਸੀਅਤ ਆਪਣੇ ਰਾਸ਼ਟਰਪਤੀ ਦੇ ਏਜੰਡੇ ਦਾ ਪਾਲਣ ਕਰਨਾ ਹੈ। ਟਰੰਪ ਟੀਮ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦੇ ਸੁਰ ਵੱਖਰੇ ਹਨ ਪਰ ਸਾਨੂੰ ਨਤੀਜੇ ਇੱਕੋ ਜਿਹੇ ਹੀ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਉਹ ਆਪਣਾ ਸਾਰਾ ਧਿਆਨ ਇਸ ਉੱਤੇ ਹੀ ਲਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਲੀ ਕ੍ਰਾਫਟ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਦੀ ਸੰਹੁ ਚੁੱਕੀ ਤੇ ਉਹ ਅਕਤੂਬਰ ਦੇ ਅਖੀਰ ‘ਚ ਓਟਾਵਾ ਵਿਖੇ ਆਪਣਾ ਅਹੁਦਾ ਸੰਭਾਲੇਗੀ ਤਾਂ ਉਸ ਦਾ ਪਤੀ ਜੋਈ ਕ੍ਰਾਫਟ ਵੀ ਉਸ ਦੇ ਨਾਲ ਹੋਵੇਗਾ। ਕ੍ਰਾਫਟ ਦੀ ਨਿਯੁਕਤੀ ਉੁਸ ਸਮੇਂ ਹੋਈ ਹੈ ਜਦੋਂ ਚੀਨ ਤੋਂ ਬਾਅਦ ਅਮਰੀਕਾ ਦੇ ਦੂਜੇ ਸੱਭ ਤੋਂ ਵੱਡੇ ਭਾਈਵਾਲ ਕੈਨੇਡਾ ਨੂੰ ਨਾਫਟਾ ਸਬੰਧੀ ਗੱਲਬਾਤ ਮੁੜ ਕਰਨੀ ਪੈ ਰਹੀ ਹੈ। ਟਰੰਪ ਵੱਲੋਂ ਇਸ 23 ਸਾਲ ਪੁਰਾਣੇ ਟਰੇਡ ਅਗਰੀਮੈਂਟ ਨੂੰ ਖਤਮ ਕੀਤੇ ਜਾਣ ਦੀ ਵੀ ਕਈ ਧਮਕੀ ਦਿੱਤੀ ਜਾ ਚੁੱਕੀ ਹੈ। ਫਿਰ ਵੀ ਕ੍ਰਾਫਟ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਉੱਤੇ ਗੱਲਬਾਤ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ।