ਜਤਿੰਦਰ ਮੋਹਨ

ਮਹਿਕ ਦੇ ਨਾਨਕੇ ਇੱਕ ਕਸਬੇ ਵਿੱਚ ਸਨ। ਉਨ੍ਹਾਂ ਦਾ ਪਰਿਵਾਰ ਵੱਡਾ ਸੀ। ਮਹਿਕ ਜਦੋਂ ਵੀ ਉੱਥੇ ਜਾਂਦਾ ਤਾਂ ਉਸ ਦਾ ਜੀਅ ਲੱਗ ਜਾਂਦਾ। ਗਰਮੀ ਦੀਆਂ ਛੁੱਟੀਆਂ ਵਿੱਚ ਉਹ ਆਪਣੇ ਨਾਨਕੇ ਜ਼ਰੂਰ ਜਾਂਦਾ।

ਇਸ ਵਾਰ ਜਦੋਂ ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਉਹ ਜ਼ਿੱਦ ਕਰਕੇ ਬੈਠ ਗਿਆ। ਉਸ ਦੀ ਮੰਮੀ ਰੀਮਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ‘‘ਮਹਿਕ, ਤੂੰ ਪਹਿਲਾਂ ਸਕੂਲ ਦਾ ਕੰਮ ਕਰ ਲੈ।’’

‘‘ਨਹੀਂ! ਮੈਂ ਆ ਕੇ ਕਰ ਲਵਾਂਗਾ।’’

‘‘ਆ ਕੇ ਕੰਮ ਕਰਨਾ ਤੇਰੇ ਵਾਸਤੇ ਔਖਾ ਹੋਵੇਗਾ ਕਿਉਂਕਿ ਜੇਕਰ ਤੈਨੂੰ ਉੱੱਥੇ ਦੋ ਦਿਨ ਵੀ ਵਧ ਲੱਗ ਗਏ ਤਾਂ ਤੇਰਾ ਕੰਮ ਵਕਤ ਸਿਰ ਨਹੀਂ ਨਿੱਬੜਨਾ। ਜੇ ਤੂੰ ਕੰਮ ਕਰਕੇ ਜਾਵੇਂਗਾ ਤਾਂ ਤੇਰਾ ਦਿਲ ਉਸ ਤੋਂ ਵੀ ਵੱਧ ਖ਼ੁਸ਼ ਰਹੂ ਕਿਉਂਕਿ ਤੈਨੂੰ ਕੰਮ ਦੀ ਚਿੰਤਾ ਨਹੀਂ ਹੋਣੀ।’’

ਮਹਿਕ ਨੂੰ ਜਦੋਂ ਇਸ ਗੱਲ ਦੀ ਸਮਝ ਆਈ ਤਾਂ ਉਹ ਖ਼ੁਸ਼ ਹੋ ਕੇ ਸਕੂਲ ਦਾ ਕੰਮ ਕਰਨ ਲੱਗਾ। ਉਸ ਨੇ ਕੁਝ ਦਿਨਾਂ ਵਿੱਚ ਹੀ ਆਪਣਾ ਕੰਮ ਮੁਕਾ ਲਿਆ ਅਤੇ ਨਾਨਕੇ ਜਾਣ ਵਾਸਤੇ ਤਿਆਰ ਹੋ ਗਿਆ।

ਉਸ ਦੇ ਨਾਨਕੇ ਤੇ ਦਾਦਕੇ ਨੇੜੇ ਨੇੜੇ ਹੀ ਸਨ। ਸਿਰਫ਼ ਦਸ ਕਿਲੋਮੀਟਰ ਦਾ ਫ਼ਰਕ ਸੀ। ਉਸ ਦੀ ਮੰਮੀ ਰੀਮਾ ਨੇ ਆਪਣੇ ਪੇਕੇ ਫੋਨ ਕਰ ਦਿੱਤਾ ਤਾਂ ਉਸ ਦੇ ਨਾਨਾ ਜੀ ਉਸ ਨੂੰ ਆ ਕੇ ਲੈ ਗਏ। ਉਹ ਆਪਣੇ ਨਾਨਕੇ ਘਰ ਆ ਗਿਆ। ਉਸ ਨੇ ਆਪਣੇ ਮਾਮੇ ਮਾਮੀਆਂ ਨੂੰ ਸਤਿ ਸ੍ਰੀ ਆਕਾਲ ਬੁਲਾਈ। ਉਸ ਦੇ ਨਾਨਕਾ ਪਰਿਵਾਰ ਦੇ ਕਈ ਘਰ ਇਕੱਠੇ ਰਹਿੰਦੇ ਸਨ। ਸਭ ਆਪਸ ਵਿੱਚ ਮਿਲ ਕੇ ਰਹਿੰਦੇ ਸਨ। ਆਪਣੇ ਪਰਾਏ ਵਿੱਚ ਕੋਈ ਫ਼ਰਕ ਨਹੀਂ ਸੀ।

ਕਸਬੇ ਵਿੱਚ ਸੀਵਰੇਜ ਦਾ ਕੋਈ ਵਧੀਆ ਪ੍ਰਬੰਧ ਨਹੀਂ ਸੀ। ਗਰਮੀ ਦੀ ਰੁੱਤ ਚੱਲ ਰਹੀ ਸੀ। ਪਾਣੀ ਖੜ੍ਹਨ ਕਾਰਨ ਮੱਛਰ ਵੀ ਬਹੁਤ ਸੀ। ਬਿਜਲੀ ਜਾਣ ’ਤੇ ਮੱਛਰ ਦਾ ਹਮਲਾ ਹੋਰ ਵੀ ਭਿਆਨਕ ਹੋ ਜਾਂਦਾ।

ਇੱਕ ਦਿਨ ਮਹਿਕ ਨੇ ਆਪਣੀ ਨਾਨੀ ਨੂੰ ਕਹਾਣੀ ਸੁਣਾਉਣ ਲਈ ਕਿਹਾ ਤਾਂ ਉਸ ਦੀ ਨਾਨੀ ਚਰਨਜੀਤ ਕੁਝ ਸੋਚ ਕੇ ਬੋਲੀ,

‘‘ਪੁੱਤਰ ਮਹਿਕ, ਨਾ ਤਾਂ ਦਿਨ ਵੇਲੇ ਕਹਾਣੀ ਸੁਣਨੀ ਚਾਹੀਦੀ ਹੈ ਤੇ ਨਾ ਹੀ ਸੁਣਾਉਣੀ ਚਾਹੀਦੀ ਹੈ।’’

‘‘ਕਿਉਂ ਨਾਨੀ ਮਾਂ?’’

‘‘ਤੈਨੂੰ ਪਤਾ ਨਹੀਂ? ਦਿਨ ਵੇਲੇ ਕਹਾਣੀ ਸੁਣਾਉਣ ਨਾਲ ਮਾਮਾ ਰਾਹ ਭੁੱਲ ਜਾਂਦੈ।’’

‘‘ਅੱਜ ਛੁੱਟੀ ਐ ਤੇ ਮੇਰੇ ਸਾਰੇ ਮਾਮੇ ਘਰੇ ਬੈਠੇ ਨੇ। ਅੱਜ ਐਤਵਾਰ ਐ ਨਾਨੀ ਜੀ।’’

ਚਰਨਜੀਤ ਨੂੰ ਪਤਾ ਸੀ ਕਿ ਜੇਕਰ ਮਹਿਕ ਨੂੰ ਕੋਈ ਕਹਾਣੀ ਨਾ ਸੁਣਾਈ ਤਾਂ ਉਸ ਨੇ ਖਹਿੜਾ ਨਹੀਂ ਛੱਡਣਾ। ਉਸ ਨੇ ਕਿਹਾ, ‘‘ਅੱਛਾ ਸੁਣ।’’

‘‘ਰਾਤ ਮੈਨੂੰ ਸੁਫ਼ਨਾ ਆਇਆ।’’

‘‘ਨਾਨੀ ਮੈਂ ਸੁਫ਼ਨਾ ਨਹੀਂ ਸੁਣਨਾ। ਮੈਂ ਕਹਾਣੀ ਸੁਣਨੀ ਐਂ।’’ ਮਹਿਕ ਨੇ ਖਿਝ ਕੇ ਕਿਹਾ।

‘‘ਤੂੰ ਸੁਣ ਤਾਂ ਸਹੀ।’’

‘‘ਹਾਂ ਜੀ।’’

ਮੈਨੂੰ ਸੁਫ਼ਨਾ ਆਇਆ ਕਿ ਆਪਣੇ ਘਰ ਇੱਕ ਮੱਛਰਾਂ ਦਾ ਜੋੜਾ ਆ ਗਿਆ। ਜੋੜਾ ਤਾਂ ਸਮਝਦੈਂ ਨਾ? ਮੱਛਰ ਤੇ ਉਸ ਦੀ ਘਰਵਾਲੀ।’’

‘‘ਹਾਂ, ਹਾਂ।’’

‘‘ਉਹ ਥੋੜ੍ਹੇ ਜਿਹੇ ਬੁੱਢੇ ਸਨ।’’

‘‘ਨਾਨੀ ਮਾਂ, ਮੱਛਰ ਦੀ ਉਮਰ ਤਾਂ ਬਹੁਤੀ ਵੱਡੀ ਨਹੀਂ ਹੁੰਦੀ। ਅਸੀਂ ਸਇੰਸ ਦੀ ਕਿਤਾਬ ਵਿੱਚ ਪੜ੍ਹਿਐ।’’

‘‘ਵੇ ਆਹੋ, ਬੁੱਢੇ ਤਾਂ ਫੇਰ ਵੀ ਹੋਣਗੇ ਈ।’’ ਮਹਿਕ ਦੀ ਨਾਨੀ ਨੇ ਹੱਸਦੇ ਹੋਏ ਕਿਹਾ।

‘‘ਚਲੋ ਠੀਕ ਐ, ਅੱਗੇ ਬੋਲੋ।’’

‘‘ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਹਾਲ ਐ? ਉਹ ਕਹਿੰਦੇ ਬਹੁਤ ਵਧੀਆ। ਅਸੀਂ ਤਾਂ ਮੌਜਾਂ ਕਰਦੇ ਹਾਂ।’’

‘‘ਮੌਜ ਕਿਵੇਂ ਕਰਦੇ ਨੇ?’’

‘‘ਉਹ ਕਹਿੰਦੇ ਕਿ ਜਿਹੜਾ ਤੁਹਾਡੀ ਗਲੀ ਵਿੱਚ ਗੰਦਾ ਪਾਣੀ ਖੜ੍ਹਾ ਹੈ ਉਸ ਨੂੰ ਸੁੱਕਣ ਨਾ ਦਿਓ!’’

‘‘ਕਿਉਂ?’’

‘‘ਉਹ ਕਹਿੰਦੇ ਅਜਿਹਾ ਸਵਰਗ ਸਾਨੂੰ ਹੋਰ ਕਿਤੇ ਨਹੀਂ ਲੱਭਣਾ। ਸਾਡੇ ’ਤੇ ਮਿਹਰਬਾਨੀ ਰੱਖਿਓ।’’

‘‘ਇਹ ਤਾਂ ਗੰਦੇ ਪਾਣੀ ’ਤੇ ਹੀ ਪਲਦੇ ਨੇ।’’ ਮਹਿਕ ਨੇ ਕਿਹਾ, ਪਰ ਨਾਲ ਹੀ ਪੁੱਛਿਆ, ‘‘ਨਾਨੀ ਜੀ, ਹੋਰ ਨਹੀਂ ਪੁੱਛਿਆ ਤੁਸੀਂ ਉਨ੍ਹਾਂ ਤੋਂ ਕੁਝ?’’

‘‘ਪੁੱਛਿਆ-ਪੁੱਛਿਆ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਵਿੱਚੋਂ ਵੱਧ ਭੈੜਾ ਕੌਣ ਐਂ?’’

‘‘ਫੇਰ ਕੀ ਬੋਲੇ?’’

‘‘ਮੱਛਰ ਨੇ ਹੱਸ ਕੇ ਕਿਹਾ ਕਿ ਮੇਰੀ ਘਰਵਾਲੀ। ਉਹ ਵਿਚਾਰੀ ਸ਼ਰਮ ਮੰਨੇ, ਮੈਂ ਕਿਹਾ ਚੱਲ ਭੈਣੇ ਤੂੰ ਹੀ ਦੱਸ ਦੇ ਕਿ ਤੇਰੇ ਵਿੱਚ ਕਿਹੜੇ ਕਿਹੜੇ ਗੁਣ ਨੇ?’’

‘‘ਫੇਰ ਕੀ ਬੋਲੀ ਮੱਛਰੀ?’’

‘‘ਉਹ ਮੱਛਰ ਵੱਲ ਹੱਸ ਕੇ ਕਹਿਣ ਲੱਗੀ ਕਿ ਇਹ ਤਾਂ ਕੁਝ ਵੀ ਕਰਨ ਜੋਗੇ ਨਹੀਂ। ਇਹ ਤਾਂ ਬਸ ਨਾਂ ਦੇ ਈ ਮੱਛਰ ਨੇ। ਮੈਂ ਹੀ ਇਨ੍ਹਾਂ ਨੂੰ ਦੱਸਦੀ ਹਾਂ ਕਿ ਐਥੇ ਖੂਨ ਹੈ। ਇੱਥੇ ਡੰਗ ਮਾਰਨਾ ਹੈ ਤੇ ਖੂਨ ਚੂਸਣਾ ਹੈ।’’

‘‘ਨਾਨੀ ਜੀ, ਤੁਸੀਂ ਮੱਛਰੀ ਨੂੰ ਇਹ ਤਾਂ ਪੁੱਛਣਾ ਸੀ ਕਿ ਤੁਸੀਂ ਖੂਨ ਕਿਉਂ ਚੂਸਦੇ ਓ?’’

‘‘ਮੈਂ ਪੁੱਛਿਆ ਸੀ। ਉਹ ਕਹਿੰਦੀ ਕਿ ਤੁਹਾਡਾ ਖੂਨ ਸਾਡੇ ਲਈ ਸਭ ਤੋਂ ਵਧੀਆ ਖੁਰਾਕ ਐ। ਜਿਵੇਂ ਤੁਸੀਂ ਦੁੱਧ ਦਹੀਂ ਨੂੰ ਵਧੀਆ ਖੁਰਾਕ ਮੰਨਦੇ ਹੋ , ਉਵੇਂ ਹੀ ਸਾਡੇ ਲਈ ਇਹ ਬਹੁਮੁੱਲੀ ਖੁਰਾਕ ਐ।’’

‘‘ਨਾਨੀ ਜੀ, ਬੁਖਾਰ ਕਿਸਦੇ ਕੱਟਣ ਨਾਲ ਚੜ੍ਹਦੈ?’’

‘‘ਬੇਟਾ, ਮੱਛਰ ਦੱਸਦਾ ਸੀ ਕਿ ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਦੇ। ਇਹ ਬੁਖਾਰ ਬਗੈਰਾ ਇਹੀ ਚੜ੍ਹਾਉਂਦੀ ਐ। ਇਹ ਕਹਿ ਕੇ ਮੱਛਰ ਹੱਸਿਆ ਤੇ ਮੱਛਰੀ ਆਪਣੀ ਪ੍ਰਸ਼ੰਸਾ ਸੁਣ ਕੇ ਫੁੱਲ ਕੇ ਕੁੱਪਾ ਹੋ ਗਈ।’’

‘‘ਬਸ ਹੋਰ ਕੁਝ ਨਹੀਂ ਬੋਲੇ ਮੱਛਰ ਮੱਛਰੀ?’’

‘‘ਉਹ ਕਹਿੰਦੇ ਅਸੀਂ ਤੁਹਾਡੇ ਲੋਕਾਂ ਤੋਂ ਬਹੁਤ ਖ਼ੁਸ਼ ਹਾਂ। ਜੇਕਰ ਤੁਸੀਂ ਸਫ਼ਾਈ ਕਰਨੀ ਬਿਲਕੁਲ ਬੰਦ ਕਰ ਦੇਵੋਂ ਤਾਂ ਅਸੀਂ ਤੁਹਾਡੇ ਹੋਰ ਵੀ ਸ਼ੁਕਰਗੁਜ਼ਾਰ ਹੋਵਾਂਗੇ।’’

‘‘ਅੱਛਾ?’’

‘‘ਹਾਂ। ਉਹ ਕਹਿੰਦੇ ਮਹਿਕ ਨੂੰ ਕਹਿਣਾ ਕਿ ਉਹ ਪਹਿਲਾਂ ਵਾਂਗ ਹੀ ਛਿਲਕੇ ਖਿੰਡਾ ਕੇ ਸੁੱਟੇ, ਇੱਕ ਥਾਂ ’ਤੇ ਨਾ ਰੱਖੇ। ਸਾਡੇ ਵੱਲੋਂ ਉਸ ਦਾ ਧੰਨਵਾਦ।’’

ਮਹਿਕ ਨੂੰ ਆਪਣੇ ਆਪ ’ਤੇ ਸ਼ਰਮ ਆਈ, ਪਰ ਫੇਰ ਵੀ ਉਸ ਨੇ ਪੁੱਛਿਆ ਕਿ ‘‘ਉਹ ਹੋਰ ਕੀ ਬੋਲੇ?’’

‘‘ਹਾਂ ਸੱਚ, ਉਹ ਕਹਿੰਦੇ ਕਿ ਮਹਿਕ ਨੂੰ ਅੱਧੀਆਂ ਬਾਹਵਾਂ ਦੇ ਕੱਪੜੇ ਪਾਉਣ ਤੋਂ ਨਹੀਂ ਰੋਕਣਾ ਸਗੋਂ ਤੁਸੀਂ ਵੀ ਅੱਧੀਆਂ ਬਾਹਵਾਂ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿਉ।’’

‘‘ਕਿਉਂ?’’

‘‘ਬਈ ਟੀਕਾ ਲਗਵਾਉਣਾ ਸੌਖਾ ਹੋ ਜਾਂਦਾ ਹੈ।’’ ਕਹਿ ਕੇ ਮਹਿਕ ਦੀ ਨਾਨੀ ਹੱਸਣ ਲੱਗੀ।

ਮਹਿਕ ਨੂੰ ਯਾਦ ਆ ਗਿਆ ਕਿ ਉਸ ਦੀ ਨਾਨੀ ਉਸ ਨੂੰ ਹਮੇਸ਼ਾਂ ਸਮਝਾਉਂਦੀ ਹੈ ਕਿ ਮੱਛਰਾਂ ਦੀ ਭਰਮਾਰ ਹੈ, ਇਸ ਲਈ ਪੂਰੀਆਂ ਬਾਹਵਾਂ ਦੇ ਕੱਪੜੇ ਪਹਿਨੋ। ਮਹਿਕ ਨੂੰ ਮਹਿਸੂਸ ਹੋਇਆ ਕਿ ਉਸ ਦੀ ਨਾਨੀ ਠੀਕ ਹੀ ਕਹਿੰਦੀ ਹੈ। ਉਸ ਨੇ ਮਨ ਹੀ ਮਨ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਵੱਡਿਆਂ ਦੀ ਗੱਲ ਮੰਨਿਆ ਕਰੇਗਾ। ਉਸ ਨੇ ਆਪਣੀ ਨਾਨੀ ਨੂੰ ਪੁੱਛਿਆ, ‘‘ਨਾਨੀ, ਲਾਈਟ ਕਦੋਂ ਆਵੇਗੀ?’’

‘‘ਬਸ ਬੇਟਾ, ਆਉਣ ਵਾਲੀ ਐ।’’

ਏਨੇ ਨੂੰ ਲਾਈਟ ਆ ਗਈ। ਪੱਖੇ ਦੀ ਠੰਢੀ ਠੰਢੀ ਹਵਾ ਨਾਲ ਮਹਿਕ ਨੂੰ ਨੀਂਦ ਆਉਣ ਲੱਗੀ।