ਮੁਕੇਰੀਆਂ, 21 ਜੁਲਾਈ

ਇਸ ਉੱਪ ਮੰਡਲ ਅਧੀਨ ਪੈਂਦੇ ਹਾਜ਼ੀਪੁਰ ਤੇ ਤਲਵਾੜਾ ਖੇਤਰ ਵਿੱਚ ਕੋਈ ਖੱਡ ਵੀ ਨਿਲਾਮ ਨਾ ਹੋਣ ਦੇ ਬਾਵਜੂਦ ਅੰਨ੍ਹੇਵਾਹ ਨਾਜਾਇਜ਼ ਖਣਨ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਤਬਾਹ ਕਰਦਾ ਜਾ ਰਿਹਾ ਹੈ। ‘ਖਣਨ ਰੋਕੋ ਜ਼ਮੀਨ ਬਚਾਓ’ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਸਿੰਬਲੀ ਨੇ ਲਾਈਵ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਦਿਆਂ ਜ਼ਿਲ੍ਹਾ ਪ੍ਰਸਾਸ਼ਨ ’ਤੇ ਉਂਗਲ ਉਠਾਈ ਹੈ। ਕਰੀਬ 8.15 ਮਿੰਟ ਦੀ ਇਸ ਵੀਡੀਓ ’ਚ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਬਲੀ ਪਿੰਡ ਬੱਧਣ ਬਰਿਆਣਾ ਨੇੜੇ ਸ਼ਰੇਆਮ ਹੋ ਰਹੇ ਕਰੀਬ 100 ਫੁੱਟ ਡੂੰਘੇ ਨਾਜਾਇਜ਼ ਖਣਨ ਬਾਰੇ ਦੱਸਦੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਕੋਈ ਵੀ ਖੱਡ ਨਿਲਾਮ ਨਾ ਹੋਣ ਦੇ ਬਾਵਜੂਦ ਨਾਜਾਇਜ਼ ਖਣਨ ਨੇ ਪਿੰਡ ਧਾਮੀਆਂ, ਜੀਵਨਵਾਲ, ਮੋਹਰੀ ਚੱਕ, ਬੱਧਣ, ਬਰਿਆਣਾ, ਦੇਵਲ, ਕਲੇਰਾਂ ਸਮੇਤ 40 ਪਿੰਡਾਂ ਦੀ 1000 ਏਕੜ ਤੋਂ ਵੱਧ ਉਪਜਾਊ ਜ਼ਮੀਨ ਤਬਾਹ ਕਰ ਦਿੱਤੀ ਹੈ।

ਹਾਜ਼ੀਪੁਰ ਵਿਚਲੇ 11 ਕਰੱਸ਼ਰ, ਝੀਰ ਦੀ ਖੂਹ ਦੇ ਆਸ-ਪਾਸ 5 ਅਤੇ ਤਲਵਾੜਾ ਨੇੜਲੇ ਕਰੀਬ 7 ਕਰੱਸ਼ਰਾਂ ਦੀ ਕੋਲ ਮਾਈਨ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਬੇਰੋਕ ਸ਼ਿਵਾਲਿਕ ਪਹਾੜੀਆਂ ਸਮੇਤ ਸਵਾਂ ਤੇ ਬਿਆਸ ਦਰਿਆ ਨੂੰ ਤਬਾਹ ਕਰ ਰਹੀ ਹੈ ਅਤੇ ਦਰਿਆਵਾਂ ਦੇ ਮੁਹਾਣਾ ਮੋੜ ਲੈਣ ਨਾਲ ਹੜ੍ਹਾਂ ਦਾ ਖਤਰਾ ਹੈ। ਇਲਾਕੇ ਦੀ ਸੁਖਚੈਨਪੁਰ ਖੱਡ 2016 ਵਿੱਚ ਅਤੇ ਬੇਲਾ ਸਰਿਆਣਾ ਦੀ ਖੱਡ ਦੀ ਨਿਲਾਮੀ ਸਾਲ 2018-19 ਵਿੱਚ ਰੱਦ ਹੋ ਚੁੱਕੀ ਹੈ। ਇਸ ਦੇ ਬਾਵਜੂਦ ਚੱਲਦਾ ਨਾਜਾਇਜ਼ ਖਣਨ ਪ੍ਰਸਾਸ਼ਨ ਤੇ ਪੁਲੀਸ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹ ਕਰ ਰਿਹਾ ਹੈ। ਉਨ੍ਹਾਂ ਇਲਾਕੇ ਦੇ ਡੀਐਸਪੀ ਪੱਧਰ ਦੇ ਪੁਲੀਸ ਅਧਿਕਾਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ 2017 ’ਚ ਨਾਜਾਇਜ਼ ਮਾਈਨਿੰਗ ਬੰਦ ਕਰਾਉਣ ਲਈ ਇੱਥੇ ਤਾਇਨਾਤ ਕੀਤੇ ਡੀਐੱਸਪੀ ਦੇ ਸਮੇਂ ਅੰਦਰ ਨਾਜਾਇਜ਼ ਖਣਣ ਤੇ ਕਰੱਸ਼ਰਾਂ ਦੀ ਗਿਣਤੀ ਪਿਛਲੀ ਸਰਕਾਰ ਨਾਲੋਂ ਵਧੀ ਹੈ। ਐੱਸਐੱਸਪੀ ਗੌਰਵ ਗਰਗ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨਗੇ।