ਚੰਡੀਗੜ੍ਹ, 9 ਅਗਸਤ
ਪੰਜਾਬ ਸਰਕਾਰ ਨੇ ਗ਼ੈਰਕਾਨੂੰਨੀ ਮਾਈਨਿੰਗ ਸਬੰਧੀ ਅੱਜ ਰੂਪਨਗਰ ਦੇ ਕਾਰਜਕਾਰੀ ਇੰਜਨੀਅਰ ਖਣਨ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ ਕਰਨ ਦੇ ਦੋਸ਼ਾਂ ਅਧੀਨ ਮੁਅੱਤਲ ਕਰ ਦਿੱਤਾ ਹੈ। ਪੰਜਾਬ ਦੇ ਖਣਨ ਤੇ ਭੂ ਵਿਗਿਆਨ ਅਤੇ ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੁਨੀਤ ਸ਼ਰਮਾ ਖ਼ਿਲਾਫ਼ ਉਸ ਅਧੀਨ ਆਉਂਦੇ ਖੇਤਰ ਵਿਚ ਲਗਾਤਾਰ ਗ਼ੈਰਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਮਿਲ ਰਹੀਆਂ ਸਨ, ਜਿਸ ਕਾਰਨ ਕਾਰਵਾਈ ਕੀਤੀ ਗਈ ਹੈ। ਬਰਸਾਤੀ ਮੌਸਮ ਵਿਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਵਿੱਚ ਰਾਤ ਦੇ ਸਮੇਂ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲੀਆਂ ਸਨ।