ਮੈਸਨ, 20 ਅਗਸਤ

ਜਾਪਾਨ ਦੀ ਨਾਓਮੀ ਓਸਾਕਾ ਨੇ ਇੱਕ ਸੈੱਟ ’ਚ ਪੱਛੜਨ ਮਗਰੋਂ ਵਾਪਸੀ ਕਰਦਿਆਂ ਅਮਰੀਕਾ ਦੀ 17 ਸਾਲਾ ਕੋਕੋ ਗੌਫ ਨੂੰ ਵੈਸਟਰਨ ਐਂਡ ਸਦਰਨ ਓਪਨ ਟੈਨਿਸ ’ਚ ਹਰਾ ਕੇ ਅਗਲੇ ਦੌਰ ’ਚ ਦਾਖਲ ਹੋ ਗਈ ਹੈ। ਚਾਰ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਓਸਾਕਾ ਨੇ ਇਹ ਮੁਕਾਬਲਾ 4-6, 6-3, 6-4 ਨਾਲ ਜਿੱਤਿਆ। ਇਹ ਮਈ ’ਚ ਫਰੈਂਚ ਓਪਨ ਤੋਂ ਬਾਅਦ ਡਬਲਿਊਟੀਏ ਟੂਰ ’ਤੇ ਉਸ ਦਾ ਪਹਿਲਾ ਟੂਰਨਾਮੈਂਟ ਹੈ। ਮਾਨਸਿਕ ਸਿਹਤ ਕਾਰਨ ਮੈਚ ਮਗਰੋਂ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਓਸਾਕਾ ਨੇ ਫਰੈਂਚ ਓਪਨ ਵਿਚਾਲੇ ਹੀ ਛੱਡ ਦਿੱਤਾ ਸੀ ਅਤੇ ਵਿੰਬਲਡਨ ਤੋਂ ਨਾਂ ਵਾਪਸ ਲੈ ਲਿਆ ਸੀ। ਉਹ ਟੋਕੀਓ ਓਲੰਪਿਕ ’ਚ ਆਖਰੀ 16 ਤੋਂ ਬਾਹਰ ਹੋ ਗਈ ਸੀ। ਹੋਰਨਾਂ ਮੈਂਚਾਂ ’ਚ ਸਿਖਰਲਾ ਦਰਜਾ ਹਾਸਲ ਐਸ਼ਲੇ ਬਾਰਟੀ ਨੇ ਹੀਦਰ ਵਾਟਸਨ ਨੂੰ 6-4, 7-6 ਨਾਲ ਹਰਾਇਆ। ਤਿੰਨ ਵਾਰ ਦੀ ਗਰੈਂਡ ਸਲੇਮ ਜੇਤੂ ਐਂਜਲਿਕਾ ਕਰਬਰ ਨੇ ਚੌਥਾ ਦਰਜਾ ਹਾਸਲ ਐਲਿਨਾ ਸਵਿਤੋਲਿਨਾ ਨੂੰ ਹਰਾਇਆ। ਸਿਮੋਨਾ ਹਾਲੇਪ ਨੇ ਸੱਜੀ ਲੱਤ ’ਚ ਸੱਟ ਵੱਜਣ ਕਾਰਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ। ਪੁਰਸ਼ ਵਰਗ ’ਚ ਸਿਖਰਲਾ ਦਰਜਾ ਹਾਸਲ ਦਾਨਿਲ ਮੈਦਵੇਦੇਵ ਨੇ ਵਾਈਲਡ ਕਾਰਡ ਹਾਸਲ ਮੈਕੈਂਜੀ ਮੈਕਡੋਨਲਡ ਨੂੰ 6-2, 6-2 ਨਾਲ ਹਰਾਇਆ। ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਨੂੰ ਨੌਵਾਂ ਦਰਜਾ ਹੁਬਰਟ ਹੁਰਕਾਜ ਨੇ ਹਰਾਇਆ। ਓਲੰਪਿਕ ਸਿੰਗਲਜ਼ ’ਚ ਸੋਨ ਤਗਮਾ ਜੇਤੂ ਅਲੈਕਜ਼ੈਂਡਰ ਜ਼ਵੇਰੇਵ ਤੇ ਬੈਲਿੰਡਾ ਬੈਂਚਿਚ ਤੇ ਦੂਜਾ ਦਰਜਾ ਹਾਸਲ ਸਟੈਫਾਨੋਸ ਸਿਟਸਿਪਾਸ ਵੀ ਅਗਲੇ ਦੌਰ ’ਚ ਪਹੁੰਚ ਗਏ ਹਨ। ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਗਾਰਬਾਈਨ ਮੁਗੁਰਜ਼ਾ ਤੇ ਪੰਜਵਾਂ ਦਰਜਾ ਹਾਸਲ ਕੈਰੋਲਿਨਾ ਪਲਿਸਕੋਵਾ ਨੇ ਵੀ ਜਿੱਤ ਦਰਜ ਕੀਤੀ ਹੈ।