ਪੱਟੀ , 11 ਅਕਤੂਬਰ

ਇਲਾਕੇ ਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਬੀਤੀ ਰਾਤ ਗੁਰਸਾਹਬ ਸਿੰਘ ਵੱਲੋਂ ਨਸ਼ੇ ਦੀ ਪੂਰਤੀ ਲਈ ਜ਼ਮੀਨ ਵੇਚਣ ਤੋਂ ਰੋਕਣ ਕਰਕੇ ਆਪਣੀ ਪਤਨੀ ਸੰਦੀਪ ਕੌਰ (33) ਦਾ ਗਲਾ ਵੱਢ ਦਿੱਤਾ। ਸੰਦੀਪ ਕੌਰ ਦੇ ਦੋ ਲੜਕੇ 11 ਤੇ 14 ਸਾਲ ਹਨ ਤੇ ਘਟਨਾ ਸਮੇਂ ਛੋਟਾ ਲੜਕਾ ਘਰ ਵਿੱਚ ਸੀ ਅਤੇ ਵੱਡਾ ਲੜਕਾ ਘਰੋਂ ਬਾਹਰ ਕਿਸੇ ਰਿਸ਼ਤੇਦਾਰ ਕੋਲ ਗਿਆ ਹੋਇਆ ਸੀ। ਘਟਨਾਂ ਨੂੰ ਅੰਜਾਮ ਦੇਣ ਸਮੇਂ ਗੁਰਸਾਹਬ ਸਿੰਘ ਵੱਲੋਂ ਘਰ ਅੰਦਰ ਮੌਜੂਦ ਛੋਟੇ ਲੜਕੇ ਸਹਿਜਪ੍ਰੀਤ ਸਿੰਘ ਨੂੰ ਦੂਸਰੇ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਗਿਆ। ਮ੍ਰਿਤਕ ਔਰਤ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਲੰਮੇ ਸਮੇਂ ਤੋਂ ਹੈਰੋਇਨ ਦਾ ਨਸ਼ਾ ਕਰਨ ਲਈ ਆਪਣੇ ਹਿੱਸੇ ਦੀ ਸਾਢੇ ਤਿੰਨ ਏਕੜ ਜ਼ਮੀਨ ਵੇਚ ਚੁੱਕਿਆ ਹੈ ਅਤੇ ਹੁਣ ਨਸ਼ੇ ਦੀ ਪੂਰਤੀ ਲਈ ਆਪਣੇ ਬੱਚਿਆਂ ਅਤੇ ਪਤਨੀ ਸੰਦੀਪ ਕੌਰ ਦੇ ਨਾਮ ’ਤੇ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ ਪਰ ਸੰਦੀਪ ਕੌਰ ਆਪਣੇ ਪਤੀ ਨੂੰ ਜਾਇਦਾਦ ਵੇਚਣ ਤੋਂ ਰੋਕਦੀ ਸੀ। ਇਸ ਕਾਰਨ ਪਤੀ-ਪਤਨੀ ਵਿੱਚ ਕਲੇਸ਼ ਰਹਿੰਦਾ ਸੀ ਅਤੇ ਬੀਤੀ ਰਾਤ ਨਸ਼ੇੜੀ ਪਤੀ ਨੇ ਸੰਦੀਪ ਕੌਰ ਦਾ ਗਲਾ ਵੱਢ ਦਿੱਤਾ। ਥਾਣਾ ਕੱਚਾ ਪੱਕਾ ਦੇ ਪੁਲੀਸ ਅਧਿਕਾਰੀ ਹਰਨੇਕ ਸਿੰਘ ਨੇ ਦੱਸਿਆ ਕਿ ਗੁਸਾਹਬ ਸਿੰਘ ਨੂੰ ਪੁਲੀਸ ਹਿਰਾਸਤ ਵਿੱਚ ਹੈ।