ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਸ਼ੁਕਰਵਾਰ ਨੂੰ ਕੌਮੀ ਰਾਜਧਾਨੀ ’ਚ ਲਗਭਗ 900 ਕਰੋੜ ਰੁਪਏ ਦੀ ਕੀਮਤ ਦੀ 80 ਕਿਲੋਗ੍ਰਾਮ ਤੋਂ ਵੱਧ ਕੋਕੀਨ ਜ਼ਬਤ ਕੀਤੀ। ਉਨ੍ਹਾਂ ਕਿਹਾ ਕਿ ਡਰੱਗ ਸਿੰਡੀਕੇਟਾਂ ਵਿਰੁਧ ਸਰਕਾਰ ਦੀ ‘ਸਖ਼ਤ’ ਕਾਰਵਾਈ ਜਾਰੀ ਰਹੇਗੀ। ਇਸ ਮਾਮਲੇ ’ਚ ਪੁਲਿਸ ਨੇ ਦਿੱਲੀ ਅਤੇ ਸੋਨੀਪਤ ਦੇ ਵਸਨੀਕ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਾਰਟੀ ’ਚ ਵਰਤੀ ਜਾਣ ਵਾਲੀ ‘ਹਾਈ ਗ੍ਰੇਡ’ ਡਰੱਗ ਜ਼ਬਤ ਉਸੇ ਦਿਨ ਹੋਈ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.), ਜਲ ਫ਼ੌਜ ਅਤੇ ਗੁਜਰਾਤ ਏ.ਟੀ.ਐੱਸ. ਨੇ ਸਾਂਝੇ ਆਪਰੇਸ਼ਨ ’ਚ ਗੁਜਰਾਤ ਦੇ ਤੱਟ ਨੇੜਿਉਂ ਲਗਭਗ 700 ਕਿਲੋਗ੍ਰਾਮ ‘ਮੈਥਾਮਫੇਟਾਮਾਈਨ’ ਬਰਾਮਦ ਕੀਤੀ। ਸਮੁੰਦਰ ਵਿਚ ਕੀਤੀ ਗਈ ਕਾਰਵਾਈ ਵਿਚ ਅੱਠ ਈਰਾਨੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।

ਸ਼ਾਹ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਨਾਜਾਇਜ਼ ਨਸ਼ਿਆਂ ਵਿਰੁਧ ਇਕੋ ਦਿਨ ਲਗਾਤਾਰ ਦੋ ਸਫਲਤਾਵਾਂ ਮੋਦੀ ਸਰਕਾਰ ਦੇ ਨਸ਼ਾ ਮੁਕਤ ਭਾਰਤ ਬਣਾਉਣ ਦੇ ਅਟੁੱਟ ਸੰਕਲਪ ਨੂੰ ਦਰਸਾਉਂਦੀਆਂ ਹਨ। ਐਨ.ਸੀ.ਬੀ. ਨੇ ਅੱਜ ਨਵੀਂ ਦਿੱਲੀ ’ਚ 82.53 ਕਿਲੋਗ੍ਰਾਮ ਉੱਚ ਦਰਜੇ ਦੀ ਕੋਕੀਨ ਜ਼ਬਤ ਕੀਤੀ।’’

ਅਧਿਕਾਰੀਆਂ ਨੇ ਦਸਿਆ ਕਿ ਇਹ ਵੱਡੀ ਖੇਪ ਲਗਭਗ 900 ਕਰੋੜ ਰੁਪਏ ਦੀ ਹੈ ਅਤੇ ਸਖ਼ਤ ਕਾਰਵਾਈ ਜਾਰੀ ਰਹਿਣ ਵਿਚਕਾਰ ਦਿੱਲੀ ਦੇ ਇਕ ਕੋਰੀਅਰ ਸੈਂਟਰ ਤੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਗ੍ਰਹਿ ਮੰਤਰੀ ਨੇ ਕਿਹਾ, ‘‘ਡਰੱਗ ਰੈਕੇਟਾਂ ਵਿਰੁਧ ਸਾਡੀ ਸਖਤ ਕਾਰਵਾਈ ਜਾਰੀ ਰਹੇਗੀ।’’ ਉਨ੍ਹਾਂ ਨੇ ਕੋਕੀਨ ਦੀ ਖੇਪ ਜ਼ਬਤ ਕਰਨ ’ਚ ਵੱਡੀ ਸਫਲਤਾ ਲਈ ਫੈਡਰਲ ਐਂਟੀ ਨਾਰਕੋਟਿਕਸ ਏਜੰਸੀ ਨੂੰ ਵਧਾਈ ਦਿਤੀ।