ਚੰਡੀਗੜ੍ਹ, 10 ਸਤੰਬਰ
ਲਿਬਰਲ ਪਾਰਟੀ ਦੀ ਮੌਜੂਦਾ ਸੰਸਦ ਮੈਂਬਰ ਅਤੇ ਕੈਨੇਡਾ ਦੇ ਬਰੈਂਪਟਨ ਸਾਊਥ ਤੋਂ ਦੁਬਾਰਾ ਚੋਣ ਲੜ ਰਹੀ ਸੋਨੀਆ ਸਿੱਧੂ ਨੇ 23 ਸਾਲਾ ਸਿੱਖ ਨੌਜਵਾਨ ਖ਼ਿਲਾਫ਼ ਨਸਲੀ ਅਪਰਾਧ ਦੀ ਅੱਜ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਦੇ ਖ਼ਾਤਮ ਤੱਕ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਟਰੂਰੋ ਵਿੱਚ ਪੰਜ ਸਤੰਬਰ ਨੂੰ ਪ੍ਰਭਜੋਤ ਸਿੰਘ ਕਾਤਰੀ ਦੀ ਇੱਕ ਅਪਾਰਟਮੈਂਟ ’ਚ ਹੱਤਿਆ ਕਰ ਦਿੱਤੀ ਗਈ ਸੀ। ਉਹ ਸਾਲ 2017 ਵਿੱਚ ਪੰਜਾਬ ਤੋਂ ਕੈਨੇਡਾ ਪੜ੍ਹਾਈ ਲਈ ਗਿਆ ਸੀ। ਸੋਨੀਆ ਸਿੱਧੂ ਨੇ ਕਿਹਾ, ‘‘ਮੇਰੀ ਪ੍ਰਭਜੋਤ ਸਿੰਘ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨਾਲ ਹਮਦਰਦੀ ਹੈ। ਇਹ ਨਫ਼ਰਤ ਦੀ ਨਾ-ਬਰਦਾਸ਼ਤਯੋਗ ਘਟਨਾ ਹੈ।’’ ਉਨ੍ਹਾਂ ਟਵੀਟ ਕੀਤਾ, ‘‘ਨਫ਼ਰਤ, ਆਨਲਾਈਨ ਨਫ਼ਰਤ, ਹਿੰਸਾ ਅਤੇ ਨਸਲਵਾਦ ਲਈ ਸਾਡੇ ਦੇਸ਼ ਵਿੱਚ ਕੋਈ ਥਾਂ ਨਹੀਂ ਹੈ ਅਤੇ ਸਾਨੂੰ ਇਸ ਨੂੰ ਖ਼ਤਮ ਕਰਨ ਲਈ ਲਗਾਤਾਰ ਲੜਾਈ ਜਾਰੀ ਰੱਖਣੀ ਚਾਹੀਦੀ ਹੈ।’’ ਟਰੂਰੋ ਪੁਲੀਸ ਮੁਖੀ ਦਵੇ ਮੈਕਨੇਲ ਨੇ ਕਿਹਾ ਕਿ ਪ੍ਰਭਜੋਤ ਅਪਾਰਟਮੈਂਟ ਦੀ ਬਿਲਡਿੰਗ ਵਿੱਚ ਸਵੇਰੇ ਲਗਪਗ ਦੋ ਵਜੇ ਗੰਭੀਰ ਹਾਲਤ ਵਿੱਚ ਮਿਲਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪ੍ਰਭਜੋਤ ਦੇ ਪਰਿਵਾਰ ਅਤੇ ਦੋਸਤਾਂ, ਭਾਰਤੀ-ਕੈਨੇਡਿਆਈ ਭਾਈਚਾਰੇ ਨੂੰ ਇਹ ਲੁੱਟ ਦਾ ਨਹੀਂ ਨਫ਼ਰਤ ਦਾ ਮਾਮਲਾ ਜਾਪਦਾ ਹੈ। ਹਾਲਾਂਕਿ ਪੁਲੀਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ।