ਸੰਗਰੂਰ, 5 ਸਤੰਬਰ
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮੌਜੂਦਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿਚ ਨਸ਼ਿਆਂ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਬੰਧ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਉਮੀਦਵਾਰ ਨਹੀਂ ਬਣਾਇਆ ਜਾਵੇਗਾ। ਉਹ ਇਥੋਂ ਦੇ ਇਕ ਨਿੱਜੀ ਰੇਸਤਰਾਂ ਵਿਚ ਚੋਣਾਂ ਸਬੰਧੀ ਪਾਰਟੀ ਦੇ ਜ਼ਿਲ੍ਹ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਹੋਈ ਵਰਕਰਾਂ ਦੀ ਮੀਟਿੰਗ ਵਿਚ ਸ਼ਿਰਕਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਸ਼ਿਆਂ ਦੇ ਸਖ਼ਤ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਆਪਣੀ ਪਿਛਲੇ ਡੇਢ ਸਾਲ ਦੀ ਕਾਰਗੁਜ਼ਾਰੀ ਤੇ ਲੋਕ ਹਿਤ ਨਾਲ ਜੁੜੇ ਹਰ ਮੁੱਦੇ ਨੂੰ ਲੈ ਕੇ ਵੋਟਰਾਂ ਪਾਸ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਦਾ ਕੋਈ ਵੀ ਪਾਰਟੀ ਮੁਕਾਬਲਾ ਨਹੀਂ ਕਰ ਸਕੇਗੀ ਕਿਉਂਕਿ ਇੱਕ ਧਿਰ ਆਪਣੇ ਅੰਦਰੂਨੀ ਝਗੜੇ ਕਾਰਨ ਫੁੱਟ ਦਾ ਸ਼ਿਕਾਰ ਹੋ ਗਈ ਹੈ ਜਦੋਂ ਕਿ ਅਕਾਲੀ ਦਲ ਦੇ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਹੁਣ ਅਕਾਲੀ ਦਲ ਨੂੰ ਪੰਜਾਬ ਦੀ ਬਜਾਏ ਬਾਹਰ ਕਿਸੇ ਹੋਰ ਰਾਜ ਵਿਚ ਜਾ ਕੇ ਹੀ ਚੋਣ ਲੜਨੀ ਪਵੇਗੀ।
ਬੇਅਦਬੀ ਮਾਮਲੇ ’ਚ ਢਿੱਲੀ ਕਾਰਵਾਈ ਦੇ ਲੱਗ ਰਹੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੀਬੀਆਈ ਤੋਂ ਕੇਸ ਵਾਪਸ ਮੰਗ ਲਿਆ ਹੈ ਤੇ ਸੀਬੀਆਈ ਤੋਂ ਫਾਈਲਾਂ ਵਾਪਸ ਮਿਲਦਿਆਂ ਹੀ ਜਾਂਚ ਲਈ ਐਸਆਈਟੀ ਬਣਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਕਸੂਰਵਾਰ ਪਾਏ ਗਏ ਤਾਂ ਕਿਸੇ ਵੀ ਹਾਲਤ ਵਿਚ ਬਚ ਨਹੀਂ ਸਕਣਗੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਵਿਧਾਇਕ ਧੂਰੀ ਦਲਬੀਰ ਸਿੰਘ ਗੋਲਡੀ, ਸੁਨਾਮ ਹਲਕੇ ਤੋਂ ਇੰਚਾਰਜ ਦਮਨ ਥਿੰਦ ਬਾਜਵਾ, ਸੂਬਾ ਆਗੂ ਹਰਮਨ ਬਾਜਵਾ, ਪਰਮਿੰਦਰ ਬਾਜਵਾ, ਮਨਪ੍ਰੀਤ ਬਾਂਸਲ, ਕੁਲਜੀਤ ਸਿੰਘ ਤੂਰ ਆਦਿ ਮੌਜੂਦ ਸਨ।