ਚੰਡੀਗੜ੍ਹ, ਪੰਜਾਬ ਵਜ਼ਾਰਤ ਨੇ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਕਾਰਨ ਸੂਬੇ ਵਿੱਚ ਪੈਦਾ ਹੋਏ ਰੋਹ ਕਾਰਨ ਨਸ਼ੀਲੇ ਪਦਾਰਥਾਂ ਦੇ ਧੰਦੇ ਨੂੰ ਬਹੁਤ ਵੱਡਾ ਅਪਰਾਧ ਮੰਨਦਿਆਂ ਇਸ ਨੂੰ ਰੋਕਣ ਵਾਸਤੇ ਸੌਦਾਗਰਾਂ ਅਤੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਲਗਭਗ ਪੌਣੇ ਚਾਰ ਘੰਟਿਆਂ ਤਕ ਚੱਲੀ ਵਜ਼ਾਰਤ ਦੀ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਵਿੱਚ ਪੁਲੀਸ ਦੀ ਭੂਮਿਕਾ ਨੂੰ ਲੈ ਕੇ ਤਿੱਖੀ ਬਹਿਸ ਵੀ ਹੋਈ। ਕੁੱਝ ਮੰਤਰੀਆਂ ਨੇ ਨਸ਼ਿਆਂ ਦੇ ਕੇਸਾਂ ਨਾਲ ਕਥਿਤ ਤੌਰ ਉੱਤੇ ਜੁੜੇ ਪੁਲੀਸ ਅਧਿਕਾਰੀਆਂ ਵਿਰੁੱਧ ਫੌਰੀ ਕਾਰਵਾਈ ਕਰਨ ਉੱਤੇ ਜ਼ੋਰ ਦਿੱਤਾ। ਇਸ ਦੇ ਨਤੀਜੇ ਵਜੋਂ ਵਿਵਾਦਤ ਡੀਐੱਸਪੀ ਦਲਜੀਤ ਸਿੰਘ ਢਿੱਲੋਂ, ਹੌਲਦਾਰ ਇੰਦਰਜੀਤ ਸਿੰਘ ਨੂੰ ਬਰਤਰਫ਼ ਕਰ ਦਿੱਤਾ ਗਿਆ ਹੈ ਅਤੇ ਮੋਗਾ ਦੇ ਵਿਵਾਦਤ ਐੱਸਐੱਸਪੀ ਰਾਜਜੀਤ ਸਿੰਘ ਹੁੰਦਲ ਦੀ ਬਦਲੀ ਕਰ ਦਿੱਤੀ ਗਈ ਹੈ। ਹੁੰਦਲ ਦੀ ਥਾਂ ਕਮਲਜੀਤ ਸਿੰਘ ਢਿੱਲੋਂ ਨੂੰ ਮੋਗਾ ਦਾ ਐਸਐਸਪੀ ਲਾਇਆ ਗਿਆ ਹੈ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਨੂੰ ਮੌਤ ਦੀ ਸਜ਼ਾ ਦੇਣ ਵਾਸਤੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਜਲਦੀ ਸਿਫਾਰਿਸ਼ ਭੇਜੀ ਜਾਵੇਗੀ। ਇਸ ਦੇ ਨਾਲ ਹੀ ਵਜ਼ਾਰਤ ਨੇ ਨਸ਼ੀਲੇ ਪਦਾਰਥਾਂ ਦੀ ਬੇਰੋਕ-ਟੋਕ ਸਮਗਲਿੰਗ ਨੂੰ ਹਰ ਰੋਜ਼ ਚੈੱਕ ਕਰਨ ਵਾਸਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਐਨ ਐਸ ਕਲਸੀ ਦੀ ਅਗਵਾਈ ਹੇਠ ਵਿਸ਼ੇਸ਼ ਕਾਰਜ ਗਰੁੱਪ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਨਸ਼ਿਆਂ ’ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸਮੀਖਿਆ ਅਤੇ ਨਿਗਰਾਨੀ ਕਰੇਗਾ।

ਇਹ ਵਿਸ਼ੇਸ਼ ਗਰੁੱਪ ਨਸ਼ਿਆਂ ਵਿਰੁੱਧ ਸਰਕਾਰੀ ਰਣਨੀਤੀ ਦਾ ਜਾਇਜ਼ਾ ਲੈ ਕੇ ਸਥਿਤੀ ਮੁਤਾਬਕ ਰਣਨੀਤੀ ਅਖ਼ਤਿਆਰ ਕਰੇਗਾ। ਇਸ ਗਰੁੱਪ ਵਿੱਚ ਵਧੀਕ ਮੁੱਖ ਸਕੱਤਰ (ਸਿਹਤ) ਸਤੀਸ਼ ਚੰਦਰਾ, ਡੀਜੀਪੀ (ਅਮਨ ਤੇ ਕਾਨੂੰਨ) ਈਸ਼ਵਰ ਸਿੰਘ, ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਅਤੇ ਏਡੀਜੀਪੀ (ਵਿਸ਼ੇਸ਼ ਟਾਸਕ ਫੋਰਸ) ਹਰਪ੍ਰੀਤ ਸਿੰਘ ਸਿੱਧੂ ਸ਼ਾਮਲ ਕੀਤੇ ਗਏ ਹਨ। ਮੁੱਖ ਮੰਤਰੀ ਦੀ ਅਗਵਾਈ ਹੇਠ ਵੀ ਇਕ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਵਿਸ਼ੇਸ਼ ਕਾਰਜ ਗਰੁੱਪ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਰਿਪੋਰਟ ਕਰੇਗਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਸਮਾਜਿਕ ਸੁਰੱਖਿਆ ਮੰਤਰੀ ਇਸ ਸਬ-ਕਮੇਟੀ ਦੇ ਮੈਂਬਰ ਹੋਣਗੇ। ਇਹ ਕਮੇਟੀ ਹਫ਼ਤੇ ਵਿੱਚ ਇਕ ਵਾਰ ਮੀਟਿੰਗ ਕਰਕੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਪ੍ਰਗਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਕਰੇਗੀ।
ਮੀਟਿੰਗ ਵਿੱਚ ਗ਼ੈਰ-ਰਸਮੀ ਤੌਰ ’ਤੇ ਵਿਚਾਰ-ਵਟਾਂਦਰਾ ਵੀ ਹੋਇਆ ਜਿਸ ਦੌਰਾਨ ਗ੍ਰਹਿ ਵਿਭਾਗ ਅਤੇ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਵਜ਼ਾਰਤ ਦੇ ਮੈਂਬਰਾਂ ਨੂੰ ਸੰਖੇਪ ਵਿੱਚ ਜਾਣਕਾਰੀ ਦਿੱਤੀ। ਮੀਟਿੰਗ ਤੋਂ ਬਾਅਦ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਵਿਚਾਰ ਵਿਟਾਂਦਰੇ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਸੂਬੇ ਦੇ ਪੁਲੀਸ ਮੁਖੀ ਸੁਰੇਸ਼ ਅਰੋੜਾ ਨੂੰ ਨਸ਼ਿਆਂ ਦੀ ਲਾਅਨਤ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ। ਮੰਤਰੀ ਮੰਡਲ ਨੇ ਜ਼ਿਆਦਾ ਨਸ਼ਾ ਲੈਣ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਦਾ ਵੀ ਜਾਇਜ਼ਾ ਲਿਆ। ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਅਜਿਹੇ ਸਾਰੇ ਮਾਮਲਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਸੁਝਾਅ ਦਿੱਤਾ ਤਾਂ ਜੋ ਨਕਲੀ ਨਸ਼ਿਆਂ ਦੀ ਸਪਲਾਈ ਅਤੇ ਮੌਤ ਦਾ ਕਾਰਨ ਬਣਨ ਵਾਲੇ ਪਦਾਰਥਾਂ ਦੀ ਨਸ਼ਿਆਂ ’ਚ ਮਿਲਾਵਟ ਕਰਨ ਵਰਗੇ ਕਾਰਨਾਂ ਦੀ ਸ਼ਨਾਖ਼ਤ ਕੀਤੀ ਜਾ ਸਕੇ। ਉਨ੍ਹਾਂ ਟੀਮ ਵੱਲੋਂ ਨਸ਼ਿਆਂ ਦੀ ਅਲਾਮਤ ਵਿਰੁੱਧ ਕੀਤੇ ਜਾ ਰਹੇ ਯਤਨ ਹੋਰ ਤੇਜ਼ ਕਰਨ ਦਾ ਭਰੋਸਾ ਦਿੱਤਾ। ਵਧੀਕ ਮੁੱਖ ਸਕੱਤਰ (ਗ੍ਰਹਿ) ਐੱਨ ਐੱਸ ਕਲਸੀ ਨੇ ਐਨਫੋਰਸਮੈਂਟ ਵਿੰਗ ਅਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੀ ਸ਼ਮੂਲੀਅਤ ਨਾਲ ਸਮੁੱਚੀ ਰਣਨੀਤੀ ਬਣਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਸੂਬੇ ਭਰ ਵਿੱਚ ਪੰਦਰਵਾੜੇ ਦੇ ਆਧਾਰ ’ਤੇ ਐਸਐਸਪੀਜ਼ ਨਾਲ ਮਿਲ ਕੇ ਨਸ਼ਿਆਂ ਦਾ ਜਇਜ਼ਾ ਲੈਣ ਲਈ ਡੀਜੀਪੀ ਨੂੰ ਆਖਿਆ। ਉਨ੍ਹਾਂ ਸੁਝਾਅ ਦਿੱਤਾ ਕਿ ਜਿਹੜੇ ਐਸਐਸਪੀ ਆਪਣੀ ਕਾਰਗੁਜ਼ਾਰੀ ਢੁੱਕਵੀਂ ਨਹੀਂ ਦਿਖਾਉਣਗੇ, ਉਨ੍ਹਾਂ ਦੀ ਏਸੀਆਰ ਵਿੱਚ ਵਿਪਰੀਤ ਟਿੱਪਣੀ ਦਰਜ ਕੀਤੀ ਜਾਵੇ।

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਰਾਜ-ਭਾਗ ਵਿੱਚ ਨਸ਼ਿਆਂ ਨਾਲ ਸੂਬੇ ਦੀ ਗਰਕ ਹੋ ਜਵਾਨੀ ਬਾਰੇ ਆਪਣੇ ਸਾਥੀ ਮੰਤਰੀਆਂ ਵੱਲੋਂ ਦਿਖਾਈ ਤਸਵੀਰ ਨਾਲ ਸਹਿਮਤ ਹੁੰਦਿਆਂ ਪੁਲੀਸ ਪ੍ਰਬੰਧ ਵਿੱਚ ਵਿਆਪਕ ਰੱਦੋ ਬਦਲ ਅਤੇ ਨਸ਼ਿਆਂ ਦੇ ਮਾਮਲੇ ’ਚ ਦਾਗ਼ੀ ਪੁਲੀਸ ਅਧਿਕਾਰੀਆਂ ਨੂੰ ਬਰਤਰਫ਼ ਕਰਨ ਦਾ ਫ਼ੈਸਲਾ ਕੀਤਾ। ਇਸ ਕੜੀ ਵਿੱਚ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਬਦਲ ਦਿੱਤਾ ਹੈ ਅਤੇ ਕੁੜੀਆਂ ਨੂੰ ਨਸ਼ਿਆਂ ਦੀ ਲਤ ਲਾਉਣ ਦੇ ਦੋਸ਼ਾਂ ’ਚ ਘਿਰੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਧਾਰਾ 311 ਤਹਿਤ ਬਰਤਰਫ਼ ਕਰ ਦਿੱਤਾ ਹੈ। ਡੀਐਸਪੀ ਨੂੰ 28 ਜੂਨ ਨੂੰ ਮੁਅੱਤਲ ਕੀਤਾ ਗਿਆ ਸੀ। ਜਲੰਧਰ ਦੇ ਹੌਲਦਾਰ ਇੰਦਰਜੀਤ ਸਿੰਘ ਨੂੰ ਵੀ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਦੋ ਦਰਜਨ ਤੋਂ ਵੱਧ ਦਾਗ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਜ਼ਾਰਤ ਦੀ ਮੀਟਿੰਗ ਵਿੱਚ ਸੂਬੇ ਦੇ ਪੁਲੀਸ ਮੁਖੀ ਸੁਰੇਸ਼ ਅਰੋੜਾ, ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਅਤੇ ਖ਼ੁਫ਼ੀਆ ਵਿੰਗ ਦੇ ਮੁਖੀ ਦਿਨਕਰ ਗੁਪਤਾ ਮੰਤਰੀਆਂ ਦੇ ਨਿਸ਼ਾਨੇ ’ਤੇ ਰਹੇ। ਪੁਲੀਸ ਅਧਿਕਾਰੀਆਂ ਨੇ ਜਦੋਂ ਮੰਤਰੀਆਂ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਆਈਨਾ ਦਿਖਾਇਆ ਗਿਆ। ਇਸ ਮੁੱਦੇ ’ਤੇ ਮੁੱਖ ਦਫ਼ਤਰ ਦੇ ਸਭ ਤੋਂ ਸ਼ਕਤੀਸ਼ਾਲੀ ਅਧਿਕਾਰੀ ਨੇ ਕਿਹਾ ਕਿ ਪੁਲੀਸ ਮੁਖੀ ਨੇ ਕੋਈ ਢੰਗ ਸਿਰ ਦਾ ਕੰਮ ਨਹੀਂ ਕੀਤਾ। ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੇ ਮਾਮਲੇ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇ ਸਰਕਾਰ ਨੇ ਉਸ ਵਿਰੁੱਧ ਕਾਰਵਾਈ ਨਹੀਂ ਕਰਨੀ ਹੈ ਤਾਂ ਸਾਰਿਆਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹਨ। ਇਕ ਹੋਰ ਮੰਤਰੀ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਵੱਲੋਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਨਸ਼ਿਆਂ ਦੇ ਖ਼ਾਤਮੇ ਲਈ ਸਹੁੰ ਚੁੱਕਣ ਵਾਲੀ ਫੋਟੋ ਵੀ ਦਿਖਾਈ ਜਿਸ ’ਤੇ ਕਾਲਖ ਪੋਚੀ ਹੋਈ ਸੀ। ਉਸ ਨੇ ਕਿਹਾ ਕਿ ਲੋਕਾਂ ਵਿੱਚ ਜਿਸ ਕਦਰ ਗੁੱਸਾ ਵਧ ਰਿਹਾ ਹੈ, ਭਲਕੇ ਮੰਤਰੀਆਂ ਅਤੇ ਵਿਧਾਇਕਾਂ ਦੇ ਮੂੰਹਾਂ ’ਤੇ ਵੀ ਕਾਲਖ ਮਲਣ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ। ਇਸ ਦੌਰਾਨ ਕਮਲਜੀਤ ਸਿੰਘ (ਪੀਪੀਐਸ) ਨੂੰ ਮੋਗੇ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਰਾਜਜੀਤ ਸਿੰਘ ਹੁੰਦਲ ਨੂੰ ਕਮਾਂਡੈਂਟ ਚੌਥੀ ਬਟਾਲੀਅਨ ਲਾਇਆ ਗਿਆ ਹੈ।

ਮੰਤਰੀ ਮੰਡਲ ਦੇ ਅਹਿਮ ਫ਼ੈਸਲੇ

* ਮੰਤਰੀ ਮੰਡਲ ਵੱਲੋਂ ਵਿਸ਼ੇਸ਼ ਕਾਰਜ ਗਰੁੱਪ ਦਾ ਗਠਨ
* ਮੁੱਖ ਮੰਤਰੀ ਦੀ ਅਗਵਾਈ ਹੇਠ ਬਣੀ ਸਬ-ਕਮੇਟੀ ਹਫ਼ਤੇ ’ਚ ਬੈਠਕ ਕਰਕੇ ਹਾਲਾਤ ਦਾ ਲਏਗੀ ਜਾਇਜ਼ਾ
* ਐਨਫੋਰਸਮੈਂਟ ਵਿੰਗ ਅਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੀ ਸ਼ਮੂਲੀਅਤ ਨਾਲ ਬਣਾਈ ਜਾਵੇਗੀ ਰਣਨੀਤੀ
* ਗ੍ਰਹਿ ਵਿਭਾਗ ਅਤੇ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਸੰਖੇਪ ’ਚ ਦਿੱਤੀ ਨਸ਼ਿਆਂ ਦੇ ਹਾਲਾਤ ਬਾਰੇ ਜਾਣਕਾਰੀ