ਪਟਿਆਲਾ, 26 ਜੂਨ: ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਵਚਨਬੱਧਤਾ ਤਹਿਤ ‘ਨਸ਼ਾਖੋਰੀ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ’ ਮੌਕੇ ਅੱਜ ਇੱਥੇ ਪੋਲੋ ਗਰਾਊਂਡ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਦਿੱਤਾ ਸੁਨੇਹਾ ਵੀ ਸੁਣਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪਟਿਆਲਾ ਦੇ ਜ਼ੋਨਲ ਆਈ.ਜੀ. ਸ. ਏ.ਐਸ. ਰਾਏ ਨੇ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਨਸ਼ਿਆਂ ਖ਼ਿਲਾਫ਼ ਜੰਗ ‘ਚ ਪੰਜਾਬ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹਾਜ਼ਰੀਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਨਸ਼ਿਆਂ ਖ਼ਿਲਾਫ਼ ਸਰਕਾਰ ਨੂੰ ਸਹਿਯੋਗ ਦੇਣ ਸਮੇਤ ਡੈਪੋ ਦੀ ਸਹੁੰ ਚੁਕਾਉਂਦਿਆਂ ਕਿਹਾ ਕਿ ਸਮਾਜ ‘ਚੋਂ ਨਸ਼ਿਆਂ ਦੀ ਸੁਸਰੀ ਵਰਗੀ ਬਿਮਾਰੀ ਦੇ ਖਾਤਮੇ ਲਈ ਸਾਨੂੰ ਸਭ ਨੂੰ ਪ੍ਰਣ ਕਰਕੇ ਨਿਭਾਉਣਾ ਪਵੇਗਾ।
ਆਈ.ਜੀ. ਨੇ ਕਿਹਾ ਕਿ ਨਸ਼ੇ ਸਾਡੇ ਪੰਜਾਬ ‘ਚ ਪੈਦਾ ਨਹੀਂ ਹੁੰਦੇ ਸਗੋਂ ਇਹ ਗੁਆਂਢੀ ਮੁਲਕਾਂ ਜਾਂ ਦੇਸ਼ ਦੇ ਹੋਰਨਾਂ ਰਾਜਾਂ ‘ਚੋਂ ਆਉਂਦੇ ਹਨ, ਜਿਸ ਲਈ ਇਨ੍ਹਾਂ ਦੀ ਸਪਲਾਈ ਲਾਇਨ ਤੋੜਨ ਲਈ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ, ਜਿਸਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ ਅਤੇ ਹੁਣ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਐਨ.ਸੀ.ਬੀ. ਦੇ ਦਫ਼ਤਰ ਪੰਜਾਬ ‘ਚ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦੇ ਜੜ ਤੋਂ ਖ਼ਾਤਮੇ ਤੇ ਇਨ੍ਹਾਂ ਦੀ ਮੰਗ ਬੰਦ ਕਰਨ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ ਤਾਂ ਕਿ ਮੁੜ ਤੋਂ ਖੁਸ਼ਹਾਲ ਤੇ ਭਰਮਾਂ ਤੋਂ ਮੁਕਤ ਪੰਜਾਬ ਸਿਰਜਿਆ ਜਾ ਸਕੇ।
ਆਈ.ਜੀ. ਨੇ 1987 ‘ਚ ਸੰਯੁਕਤ ਰਾਸ਼ਟਰ ਵੱਲੋਂ ਸ਼ੁਰੂ ਕੀਤੇ ਨਸ਼ਾਖੋਰੀ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਖ਼ੁਦ ਜਾਣੂ ਹੋ ਕੇ ਅੱਗੇ ਜਾਗਰੂਕਤਾ ਵੀ ਪੈਦਾ ਕਰਨੀ ਪਵੇਗੀ।
ਸ. ਰਾਏ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੰਦਰੁਸਤ ਪੰਜਾਬ ਦੇ ਮਿਸ਼ਨ ਤਹਿਤ ਨਸ਼ਾ ਮੁਕਤ ਪੰਜਾਬ ਸਿਰਜਣ ਅਤੇ ਸਮਾਜ ਲਈ ਇੱਕ ਘਾਤਕ ਬਿਮਾਰੀ ਬਣ ਚੁੱਕੇ ਨਸ਼ਿਆਂ ਦੀ ਲਾਹਨਤ ਤੋਂ ਸਾਡੀ ਜਵਾਨੀ ਨੂੰ ਬਚਾਉਣ ਲਈ ਇਸ ਕੌਮਾਂਤਰੀ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾ ਕੇ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਇਸ ਮੌਕੇ ਨਸ਼ਾ ਛੁਡਾਉਣ ਅਤੇ ਮਨੋਰੋਗਾਂ ਦੇ ਮਾਹਰ ਡਾ. ਪ੍ਰਭਦੀਪ ਸਿੰਘ ਨੇ ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਕਲੀਨਿਕਾਂ ਬਾਰੇ ਦਸਦਿਆਂ ਕਿਹਾ ਕਿ ਪੰਜਾਬ ‘ਚ ਨਸ਼ਾ ਮੁਕਤੀ ਲਈ ਪੰਜਾਬ ਸਰਕਾਰ ਨੇ ਦੇਸ਼ ਦਾ ਸਭ ਤੋਂ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਹੈ, ਜਿਸ ਦਾ ਲਾਭ ਲੈ ਕੇ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਉੱਘੇ ਕੈਂਸਰ ਸਰਜਨ ਤੇ ਸਮਾਜ ਸੇਵਕ ਡਾ. ਜਗਬੀਰ ਸਿੰਘ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਨਸ਼ੇ ਸਭ ਬੁਰਾਈਆਂ ਦਾ ਧੁਰਾ ਹਨ। ਉਨ੍ਹਾਂ ਨਸ਼ੇ ਦੀ ਅਲਾਮਤ ਦੀਆਂ ਨਿਸ਼ਾਨੀਆਂ ਦਸਦਿਆਂ ਕਿਹਾ ਕਿ ਨਸ਼ਿਆਂ ਦੀ ਲੱਤ ਤੋਂ ਛੁਟਕਾਰਾ ਪਾਉਣ ਲਈ ਮਾਪਿਆਂ ਦਾ ਸਹਿਯੋਗ ਅਤੇ ਸੁਚੇਤ ਹੋਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਭਾਵੇਂ ਕੋਈ ਵੀ ਹੋਵੇ, ਸ਼ਰਾਬ, ਭੰਗ, ਅਫ਼ੀਮ ਤੇ ਕੈਮੀਕਲ, ਸਭ ਮਾਰੂ ਹੀ ਹਨ, ਇਸ ਲਈ ਇਨ੍ਹਾਂ ਤੋਂ ਬਚਣ ਦੀ ਲੋੜ ਹੈ।
ਸਮਾਰੋਹ ‘ਚ ਪਟਿਆਲਾ ਦੇ ਕਾਰਜਕਾਰੀ ਐਸ.ਐਸ.ਪੀ. ਡਾ. ਰਵਜੋਤ ਗਰੇਵਾਲ, ਐਸ.ਡੀ.ਐਮ. ਦੁਧਨ ਸਾਧਾਂ ਸ੍ਰੀ ਅਜੇ ਅਰੋੜਾ, ਐਨ.ਸੀ.ਸੀ. ਦੇ ਕਰਨਲ ਨਵਜੋਤ ਸਿੰਘ ਨੇ ਵੀ ਸ਼ਿਰਕਤ ਤੀਕੀ। ਇਸ ਸਮਾਰੋਹ ਦੇ ਪ੍ਰਬੰਧਕ ਤੇ ਐਸ.ਡੀ.ਐਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ ਨੇ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਪੁਲਿਸ, ਸਿਵਲ ਪ੍ਰਸ਼ਾਸਨ, ਸਾਕੇਤ ਨਸ਼ਾ ਮੁਕਤੀ ਕੇਂਦਰ, ਖੁਸ਼ਹਾਲੀ ਦੇ ਰਾਖੇ, ਐਨ.ਸੀ.ਸੀ. ਕੈਡਿਟਸ, ਆਮ ਲੋਕਾਂ ਅਤੇ ਹੋਰ ਪਤਵੰਤਿਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਐਸ.ਪੀ. ਟ੍ਰੈਫ਼ਿਕ ਸਤਵੀਰ ਸਿੰਘ ਅਠਵਾਲ, ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਡੀ.ਐਸ.ਪੀਜ, ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ, ਦੀਦਾਰ ਸਿੰਘ ਦੌਣਕਲਾਂ, ਸੀ.ਡੀ.ਪੀ.ਓਜ ਸਮੇਤ ਹੋਰ ਅਧਿਕਾਰੀ ਹਾਜਰ ਸਨ।