ਚੰਡੀਗੜ੍ਹ, 24 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਲਈ ਕੀਤੀ ਪੇਸ਼ਕਦਮੀ ਸਹੀ ਦਿਸ਼ਾ ’ਚ ਅੱਗੇ ਵੱਧ ਰਹੀ ਹੈ। ਕੈਪਟਨ ਨੇ ਕਿਹਾ ਕਿ ਉਹ ਵਿਕਾਸ ਪੱਖੋਂ ਪੰਜਾਬ ਦੇ ਨੰਬਰ ਇਕ ਸੂਬਾ ਬਣਨ ਤੱਕ ਸਿਆਸਤ ਵਿੱਚ ਬਣੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਕਾਂਡ ਦੀ ਜਾਂਚ ਬਾਰੇ ਸਰਕਾਰ ਆਪਣੀ ਵਚਨਬੱਧਤਾ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟ ਹੈ ਤੇ ਸੱਚ ਨੂੰ ਹਰ ਹਾਲ ਸਾਹਮਣੇ ਲਿਆਂਦਾ ਜਾਵੇਗਾ। ਮੁੱਖ ਮੰਤਰੀ ਆਪਣੀ ਸਰਕਾਰ ਦੇ ਢਾਈ ਸਾਲ ਪੂਰੇ ਹੋਣ ਮਗਰੋਂ ਸਾਡੇ ਪੱਤਰਕਾਰ ਨਾਲ ਕੀਤੀ ਵਿਸ਼ੇਸ਼ ਇੰਟਰਵਿਊ ਦੌਰਾਨ ਬੋਲ ਰਹੇ ਸਨ।
ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਦੇ ਆਪਣੇ ਚੋਣ ਵਾਅਦੇ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਹਫ਼ਤੇ ਅੰਦਰ ਉਨ੍ਹਾਂ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਕਾਰਵਾਈ ਆਰੰਭ ਦਿੱਤੀ ਸੀ। ਸਰਕਾਰੀ ਅੰਕੜੇ ਸਾਰੀ ਕਹਾਣੀ ਬਿਆਨ ਕਰਦੇ ਹਨ। ਸਰਕਾਰ ਵੱਲੋਂ ਗਠਿਤ ਸਿੱਟ ਹੁਣ ਤਕ ਨਸ਼ਾ ਤਸਕਰਾਂ ਖ਼ਿਲਾਫ਼ 31 ਹਜ਼ਾਰ ਤੋਂ ਵੱਧ ਕੇਸ ਦਰਜ ਕਰ ਚੁੱਕੀ ਹੈ ਜਦੋਂਕਿ 38,117 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਜੇ ਵੀ ਨਸ਼ਿਆਂ ਲਈ ਵੱਡਾ ਬਾਜ਼ਾਰ ਸੀ ਤੇ ਰਹੇਗਾ। ਉੱਤਰੀ ਜ਼ੋਨਲ ਕੌਂਸਲ ਦੀ ਹਾਲੀਆ ਮੀਟਿੰਗ ਮੌਕੇ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੌਰੀ ਕੌਮੀ ਡਰੱਗ ਨੀਤੀ ਬਣਾਉਣ ਬਾਰੇ ਕਿਹਾ ਸੀ। ਬੇਅਦਬੀ ਕਾਂਡ ਦੀ ਜਾਂਚ ਸਿੱਟ ਜਾਂ ਸੀਬੀਆਈ ਤੋਂ ਕਰਵਾਏ ਜਾਣ ਦੇ ਰੌਲੇ-ਰੱਪੇ ਬਾਰੇ ਕੈਪਟਨ ਨੇ ਕਿਹਾ ਕਿ ਉਹ ਸਚਾਈ ਨੂੰ ਸਾਹਮਣੇ ਲਿਆਉਣ ਲਈ ਵਚਨਬੱਧ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ’ਚ ਗੈਰਕਾਨੂੰਨੀ ਰੇਤ ਤੇ ਸ਼ਰਾਬ ਮਾਫੀਏ ਦੇ ਸਰਗਰਮ ਹੋਣ ਤੇ ਇਸ ਵਿੱਚ ਕੁਝ ਕਾਂਗਰਸੀਆਂ ਦੀ ਸ਼ਮੂਲੀਅਤ ਤੋਂ ਭਲੀਭਾਂਤ ਜਾਣੂ ਹਨ। ਉਨ੍ਹਾਂ ਪੰਜਾਬ ਸਰਕਾਰ ਉੱਤੇ ਗੈਰਕਾਨੂੰਨੀ ਬੱਸਾਂ ਦੇ ਕਾਰੋਬਾਰ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਦੇ ਲੱਗ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
ਕੇਂਦਰ ਤੋਂ ਨਹੀਂ ਮਿਲ ਰਿਹਾ ਜੀਐਸਟੀ ਦਾ ਹਿੱਸਾ
ਪੰਜਾਬ ਸਰਕਾਰ ਨੂੰ ਪਿਛਲੀ ਸਰਕਾਰ ਕੋਲੋਂ ਵਿਰਾਸਤ ਵਿੱਚ ਖਾਲੀ ਖ਼ਜ਼ਾਨਾ ਮਿਲਿਆ ਸੀ। ਸੂਬਾ ਸਰਕਾਰ ਨੂੰ ਜੀਐੱਸਟੀ ਦੇ ਰੂਪ ਵਿੱਚ ਕੇਂਦਰ ਸਰਕਾਰ ਤੋਂ ਆਪਣੇ ਹਿੱਸੇ ਦਾ ਪੈਸਾ ਨਹੀਂ ਮਿਲ ਰਿਹਾ। ਕੇਂਦਰ ਨਾਲ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਮਰਹੂਮ ਵਿੱਤ ਮੰਤਰੀ ਅਰੁਣ ਜੇਤਲੀ ਭਾਵੇਂ ਉਨ੍ਹਾਂ ਦੇ ਵਿਰੋਧੀ ਸਨ, ਪਰ ਜਦੋਂ ਕਦੇ ਵੀ ਉਨ੍ਹਾਂ ਸੂਬੇ ਨਾਲ ਸਬੰਧਤ ਕਿਸੇ ਵੀ ਮਸਲੇ ਲਈ ਜੇਤਲੀ ਤਕ ਰਸਾਈ ਕੀਤੀ, ਉਨ੍ਹਾਂ ਪੂਰੀ ਮਦਦ ਕੀਤੀ।