-ਸ਼ਾਨਦਾਰ ਲੋਕ ਸੇਵਾਵਾਂ ਨਾਲ ਐਸਐਸਪੀ ਭਾਰਗਵ ਬਣੇ ਲੋਕਾਂ ਦੇ ਚਹੇਤੇ ਪੁਲਿਸ ਅਫਸਰ
ਮਾਨਸਾ, 31 ਜੁਲਾਈ (ਗੁਰਵਿੰਦਰ ਸਿੰਘ ਸਿੱਧੂ)-ਸੀਨੀਅਰ ਪੁਲਿਸ ਅਧਿਕਾਰੀ ਅਤੇ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਨਰਿੰਦਰ ਭਾਰਗਵ ਦੇ ਤਬਾਦਲੇ ਨਾਲ ਮਾਨਸਾ ਦੇ ਲੋਕ ਕਾਫ਼ੀ ਨਿਰਾਸ਼ ਹੋਏ ਹਨ। ਲੋਕਾਂ ਦਾ ਰੰਜ ਹੈ ਕਿ ਜੇਕਰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖਿਲਾਫ਼ ਮੋਹਰੀ ਹੋ ਕੇ ਲੜਣ ਵਾਲੇ ਇਮਾਨਦਾਰ ਪੁਲਿਸ ਅਫਸਰਾਂ ਨੂੰ ਇਨਾਮ ਵਜੋਂ ਇਸ ਤਰ੍ਹਾਂ ਬਦਲਿਆਂ ਜਾਵੇਗਾ ਤਾਂ ਕੌਣ ਅੱਗੇ ਹੋ ਕੇ ਲੜਾਈ ਲੜੇਗਾ। ਮਾਨਸਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਐਸਐਸਪੀ ਡਾਕਟਰ ਭਾਰਗਵ ਦਾ ਤਬਾਦਲੇ ਉਤੇ ਮੁੜ ਵਿਚਾਰ ਕੀਤਾ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਡਾਕਟਰ ਭਾਰਗਵ ਨੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਹੋਈ ਸੀ ਉਥੇ ਹੀ ਕਰੋਨਾ ਮਹਾਂਮਾਰੀ ਦੌਰਾਨ ਵੀ ਉਨ੍ਹਾਂ ਲੋਕ ਸੇਵਾ ਲਈ ਸਮਾਜ ਸੇਵਾ ਦੀ ਮੁਹਿੰਮ ਚਲਾਈ ਹੋਈ ਸੀ। ਉਹ ਪਹਿਲੇ ਅਜਿਹੇ ਪੁਲਿਸ ਅਧਿਕਾਰੀ ਹਨ ਜਿਹੜੇ ਜ਼ਿਲ੍ਹੇ ਦੇ ਹਰ ਇੱਕ ਗਰੀਬ ਤੇ ਲੋੜਵੰਦ ਦੀ ਮਦਦ ਲਈ ਤੱਤਪਰ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਕਰੋਨਾ ਦਾ ਮਿਸ਼ਨ ਫਤਿਹ ਹੋ ਰਿਹਾ ਸੀ ਪ੍ਰੰਤੂ ਅਚਾਨਕ ਡਾਕਟਰ ਨਰਿੰਦਰ ਭਾਰਗਵ ਦਾ ਮਾਨਸਾ ਤੋਂ ਬਠਿੰਡਾ ਤਬਾਦਲਾ ਹੋਣ ਨਾਲ ਇਸ ਮਿਸ਼ਨ ਨੂੰ ਢਾਹ ਲੱਗੇਗੀ।
ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਐਸਐਸਪੀ ਸਾਹਿਬ ਗਰਾਊਂਡ ਪੱਧਰ ਉਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਤੇ ਮਸਲਿਆਂ ਨੂੰ ਸਮਝ ਕੇ ਹੱਲ ਕਰਦੇ ਸਨ ਅਤੇ ਉਹ ਕਦੇ ਵੀ ਕਿਸੇ ਨਾਲ ਧੱਕਾ ਹੁੰਦਾ ਬਰਦਾਸ਼ਤ ਨਹੀਂ ਕਰਦੇ ਸਨ। ਮਾਨਸਾ ਜ਼ਿਲ੍ਹੇ ਵਿਚੋਂ ਜੁਰਮ ਦੀ ਦਰ ਲਗਾਤਾਰ ਘੱਟਣ ਦਾ ਕਾਰਨ ਵੀ ਡਾਕਟਰ ਭਾਰਗਵ ਦੀ ਲੋਕਾਂ ਨਾਲ ਸਾਂਝ ਨੂੰ ਹੀ ਮੰਨਿਆ ਜਾ ਰਿਹਾ ਹੈ। ਪੁਲਿਸ ਥਾਣਿਆਂ ਵਿਚ ਸੁਧਾਰ ਹੋ ਰਿਹਾ ਸੀ ਅਤੇ ਭ੍ਰਿਸ਼ਟਾਚਾਰ ਉਤੇ ਡਾਕਟਰ ਭਾਰਗਵ ਨੇ ਪੂਰੀ ਤਰ੍ਹਾਂ ਨਾਲ ਸਿਕੰਜ਼ਾ ਕੱਸ ਰੱਖਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ-ਜਦੋਂ ਡਾਕਟਰ ਭਾਰਗਵ ਮਾਨਸਾ ਜ਼ਿਲ੍ਹੇ ਵਿਚ ਬਤੌਰ ਐਸਐਸਪੀ ਨਿਯੁਕਤ ਹੋਏ ਉਦੋਂ-ਉਦੋਂ ਕਰਾਇਮ, ਭ੍ਰਿਸ਼ਟਾਚਾਰ ਘਟਿਆ ਅਤੇ ਨਸ਼ਿਆਂ ਖਿਲਾਫ਼ ਜੰਗੀ ਪੱਧਰ ਉਤੇ ਮੁਹਿੰਮ ਚੱਲੀ।

ਸੋਸ਼ਲ ਮੀਡੀਆ ਅਤੇ ਆਮ ਲੋਕਾਂ ਨਾਲ ਗਰਾਊਂਡ ਜ਼ੀਰੋ ਉਤੇ ਸਿੱਧਾ ਰਾਬਤਾ ਬਣਾਉਣ ਵਾਲੇ ਐਸਐਸਪੀ ਭਾਰਗਵ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਵਲੋਂ ਵੀ ਵਧੀਆ ਸੇਵਾਵਾਂ ਬਦਲੇ ਪ੍ਰਸ਼ੰਸਾ ਪੱਤਰ ਮਿਲ ਰਹੇ ਸਨ ਪ੍ਰੰਤੂ ਮਾਨਸਾ ਜ਼ਿਲ੍ਹੇ ਵਿਚ ਕੁੱਝ ਤੱਤਾਂ ਨੂੰ ਉਨ੍ਹਾਂ ਦੀ ਕਾਰਜ਼ਸ਼ੈਲੀ ਪਸੰਦ ਨਹੀਂ ਆ ਰਹੀ ਸੀ ਕਿਉਂਕਿ ਮਾਨਸਾ ਪੁਲਿਸ ਆਮ ਲੋਕਾਂ ਦੀ ਪੁਲਿਸ ਬਣ ਕੇ ਕੰਮ ਕਰ ਰਹੀ ਸੀ।

ਇੱਥੇ ਇਹ ਦੱਸਣਯੋਗ ਹੈ ਕਿ ਡਾਕਟਰ ਨਰਿੰਦਰ ਭਾਰਗਵ ਦਾ ਤਬਾਦਲਾ ਮਾਨਸਾ ਤੋਂ ਬਦਲ ਕੇ ਐਸਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਦਾ ਕਰ ਦਿੱਤਾ ਗਿਆ ਹੈ। ਬੀਤੀ ਦੇਰ ਰਾਤ ਉਨ੍ਹਾਂ ਦੀ ਬਦਲੀ ਹੋਣ ਦੀ ਖ਼ਬਰ ਜਿਉਂ ਹੀ ਜ਼ਿਲ੍ਹੇ ਵਿਚ ਫੈਲੀ ਤਾਂ ਲੋਕਾਂ ਵਿਚ ਭਾਰੀ ਨਿਰਾਸ਼ ਵੇਖਣ ਨੂੰ ਮਿਲੀ। ਸ਼ੁੱਕਰਵਾਰ ਸਵੇਰੇ ਹੀ ਰਿਲੀਵ ਹੋਣ ਤੋਂ ਪਹਿਲਾਂ ਆਪਣੇ ਦਫ਼ਤਰ ਪੁੱਜੇ ਐਸਐਸਪੀ ਭਾਰਗਵ ਨੂੰ ਮਿਲਣ ਲਈ ਆਮ ਲੋਕਾਂ ਦਾ ਤਾਂਤਾ ਲੱਗਿਆ ਵੇਖਣ ਨੂੰ ਮਿਲਿਆ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਡਾਕਟਰ ਨਰਿੰਦਰ ਭਾਰਗਵ ਪਹਿਲਾਂ ਵੀ ਕਈ ਵਾਰ ਬਤੌਰ ਐਸਐਸਪੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਦੀ ਆਮ ਲੋਕਾਂ ਗੂੜੀ ਸਾਂਝ ਰਹੀ ਹੈ।

ਪੁਲਿਸ ਅਧਿਕਾਰੀ ਡਾ. ਨਰਿੰਦਰ ਭਾਰਗਵ ਜੋ ਕਿ ਆਪਣੇ ਸੁਭਾਅ ਪੱਖੋਂ ਸੁਲਝੇ ਹੋੋਏ ਅਤੇ ਪੁਲਿਸ ਵਿਭਾਗ ਵਿੱਚ ਅਨੁਸਾਸ਼ਨ ਨੂੰ ਕਾਇਮ ਰੱਖਣ ਵਾਲੇ ਇਮਾਨਦਾਰ ਪੁਲਿਸ ਅਧਿਕਾਰੀ ਵਜੋੋਂ ਜਾਣੇ ਜਾਂਦੇ ਹਨ। ਡਾ. ਭਾਰਗਵ ਜੋ ਕਿ ਸਾਲ 2012-13 ਦੌਰਾਨ ਵੀ ਮਾਨਸਾ ਜਿ਼ਲ੍ਹੇ ਦੇ ਬਤੌਰ ਸੀਨੀਅਰ ਪੁਲਿਸ ਕਪਤਾਨ ਵਜੋੋਂ ਆਪਣੀਆ ਸੇਵਾਵਾ ਨਿਭਾ ਚੁੱਕੇ ਹਨ, ਨੂੰ ਵਧੀਆ ਕਾਰਗੁਜਾਰੀ ਸਦਕਾ ਪੰਜਾਬ ਸਰਕਾਰ ਵੱਲੋਂ ਮੁੜ ਮਾਨਸਾ ਜਿ਼ਲ੍ਹੇ ਦਾ ਐਸ.ਐਸ.ਪੀ. ਤਾਇਨਾਤ ਕਰਕੇ ਦੁਬਾਰਾ ਸੇਵਾਵਾਂ ਨਿਭਾਉਣ ਦਾ ਮੌਕਾ ਦਿੱਤਾ ਗਿਆ ਸੀ । ਡਾ. ਨਰਿੰਦਰ ਭਾਰਗਵ ਵੱਲੋੋਂ ਮਾਨਸਾ ਜਿ਼ਲ੍ਹੇ ਦੇ ਬਤੌਰ ਸੀਨੀਅਰ ਪੁਲਿਸ ਕਪਤਾਨ ਵਜੋੋ 19 ਜੁਲਾਈ-2019 ਨੂੰ ਆਪਦਾ ਦੁਬਾਰਾ ਚਾਰਜ ਸੰਭਾਲ ਕੇ ਕਾਰਜ ਸ਼ੁਰੂ ਕੀਤਾ ਸੀ ।। ਜਿਹਨਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲਤਾ ਵੱਲ ਲਿਜਾਦਿਆ ਜਿਲਾ ਮਾਨਸਾ ਨੂੰ ਨਸ਼ਾ ਮੁਕਤ ਕਰਨ ਲਈ ਹੰਭਲਾ ਮਾਰਦੇ ਹੋੋਏ ਨਸ਼ਾ ਤਸੱਕਰਾ ਵਿਰੁੱਧ ਮੁਕੱਦਮੇ ਦਰਜ ਕਰ ਕੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਧੱਕਿਆ। ਮਾਨਸਾ ਪੁਲਿਸ ਵੱਲੋਂ ਡਾ. ਭਾਰਗਵ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਦਾ ਪ੍ਰਭਾਵ ਹੁਣ ਦੇਖਣ ਨੂੰ ਵੀ ਮਿਲ ਰਿਹਾ ਹੈ। ਪੁਲਿਸ ਕਾਰਵਾਈ ਤੋਂ ਡਰਦੇ ਮਾੜੇ ਅਨਸਰ ਸ਼ਹਿਰ ਛੱਡ ਕੇ ਰਫੂ ਚੱਕਰ ਹੋ ਚੁੱਕੇ ਹਨ।

ਪਿਛਲੇ ਸਮੇਂ ਵਿੱਚ ਵੀ ਉਨਾਂ ਵੱਲੋਂ ਨਿਭਾਈਆਂ ਸੇਵਾਂਵਾਂ ਦੀ ਬਦੌਲਤ ਮਾਨਯੋੋਗ ਰਾਸ਼ਟਰਪਤੀ ਭਾਰਤ ਸਰਕਾਰ ਵੱਲੋਂ ਗਣਤੰਤਰਤਾ ਦਿਵਸ (26 ਜਨਵਰੀ) ਮੌਕੇ PPMDS/PPMMS Police Medal for Gallentry by President of India and C.M’s Medal for dedication to Service ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਉਨਾਂ ਨੂੰ ਮੈਰੀਟੋੋਰੀਅਸ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਤੋਂ ਇਲਾਵਾ ਬਹਾਦਰੀ ਲਈ ਕਈ ਹੋਰ ਮੈਡਲ ਤੇ ਰਾਜ ਪੁਰਸਕਾਰਾਂ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਜਦੋਂ ਐਸ.ਐਸ.ਪੀ ਮਾਨਸਾ ਵਿਖੇ 2013 ਵਿੱਚ ਤਾਇਨਾਤ ਸਨ ਤਾਂ 30 ਅਪ੍ਰੈਲ 2013 ਨੂੰ ਮਾਨਸਾ ਸਾਂਝ ਕੇਂਦਰ ਨੂੰ ਅਲਟਸ ਗੋਲਬਲ ਅਲਾਇਸ ਦੇ ਸਲਾਨਾ ਪੁਲਿਸ ਸਟੇਸ਼ਨ ਵਿਜਿਟਰ ਵੀਕ ਵਿੱਚ ਸਰਵੋਤਮ ਹੋਣ ਦਾ ਖਿਤਾਬ ਮਿਲਿਆ ਸੀ। ਮਾਨਸਾ ਦੇ ਸਾਂਝ ਕੇਂਦਰ ਪ੍ਰੋਗਰਾਮ ਨੂੰ ਪੁਲਿਸ ਸਟੇਸ਼ਨ ਵਿਜਿਟਰ ਵੀਕ (ਪੀ.ਐਸ.ਵੀ.ਡਬਲਯੂ.) ਪ੍ਰੋਗਰਾਮ ਵਿੱਚ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਉਨੀਕੇਸ਼ਨ ਰਾਹੀ ਅਲਟਸ ਗਲੋਬਲ ਅਲਾਂਇਸ ਵੱਲੋਂ ਸਰਵੋੋਤਮ ਜਿਲਾ ਹੋਣ ਦਾ ਖਿਤਾਬ ਮਿਲਿਆ ਸੀ। ਇਸ ਪ੍ਰੋਗਰਾਮ ਵਿੱਚ 3 ਰਾਜਾਂ ਅਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਨੇ ਭਾਗ ਲਿਆ ਸੀ। ਇੱਥੇ ਇਹ ਵਰਨਣਯੋਗ ਹੈ ਕਿ ਵੱਖ ਵੱਖ ਗਰੁੱਪ ਲੋਕਲ ਥਾਣਿਆ ਵਿੱਚ ਜਾ ਕੇ ਇਹ ਜਾਇਜਾ ਲੈਂਦੇ ਹਨ ਕਿ ਰਾਸ਼ਟਰੀਅਤਾ, ਪਛੜੇ ਅਤੇ ਗਰੀਬ ਲੋਕਾਂ ਨਾਲ ਵਿਵਹਾਰ, ਪਾਰਦਰਸ਼ਤਾ, ਜੁਵਾਬਦੇਹੀ ਅਤੇ ਹਵਾਲਾਤੀ ਨੂੰ ਥਾਣੇ ਵਿੱਚ ਰੱਖਣ ਦੇ ਕੀ ਪ੍ਰਬੰਧ ਹਨ।ਪੰਜਾਬ ਵਿੱਚ ਪੁਲਿਸ ਸਟੇਸ਼ਨ ਵਿਜਿਟਰ ਵੀਕ ਨੂੰ ਕਮਿਊਨਿਟੀ ਪੋਲਿਸਿੰਗ ਪ੍ਰੋਗਰਾਮ (ਸਾਂਝ ਪ੍ਰੋਗਰਾਮ) ਨਾਲ ਜੋੜਿਆ ਗਿਆ ਸੀ, ਜਿਸ ਵਿੱਚ ਮਾਨਸਾ ਜਿਲੇ ਦੇ ਸਾਂਝ ਕੇਂਦਰ ਸਾਰੇ ਰਾਜਾਂ ਵਿੱਚੋ ਅਵੱਲ ਆਇਆ ਸੀ। ਇਸ ਪ੍ਰੋਗਰਾਮ ਵਿੱਚ ਡਾ. ਨਰਿੰਦਰ ਭਾਰਗਵ, ਐਸ.ਐਸ.ਪੀ. ਮਾਨਸਾ ਨੂੰ ਸਾਂਝ ਪ੍ਰੋਗਰਾਮ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਅਤੇ ਨਿਵੇਕਲੀ ਦਿੱਖ ਦੇਣ ਲਈ ਸਨਾਮਾਨਿਤ ਕੀਤਾ ਗਿਆ ਸੀ।

ਡਾ. ਨਰਿੰਦਰ ਭਾਰਗਵ ਦਾ ਜਨਮ ਸ਼ਾਹੀ ਜਿ਼ਲ੍ਹਾ ਪਟਿਆਲਾ ਵਿਖੇ ਹੋਇਆ। ਉਹ ਬਤੌਰ ਐਸ.ਐਸ.ਪੀ. ਗੁਰਦਾਸਪੁਰ, ਬਰਨਾਲਾ, ਨਵਾਂ ਸ਼ਹਿਰ, ਫਾਜਲਿਕਾ, ਜਲੰਧਰ, ਤਰਨਤਾਰਨ, ਹੁਸ਼ਿਆਰਪੁਰ, ਮਾਨਸਾ ਅਤੇ ਲੁਧਿਆਣਾ ਆਦਿ ਜਿ਼ਲ੍ਹਿਆਂ ਵਿੱਚ ਬਤੌਰ ਐਸ.ਐਸ.ਪੀ. ਅਤੇ ਬਤੌੌਰ ਡੀ.ਸੀ.ਪੀ. ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਮੁੜ ਦੂਸਰੀ ਵਾਰ ਮਾਨਸਾ ਜਿ਼ਲ੍ਹੇ ਦੇ ਲੋਕਾਂ ਦੀ ਸੇਵਾ ਲਈ ਆਏ ਸੀ।। ਉਨਾਂ ਦਾ ਮੁੱਖ ਨਿਸ਼ਾਨਾ ਮਾਨਸਾ ਜਿ਼ਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਇਸ ਮੁਹਿੰਮ ਨੂੰ ਜਿ਼ਲ੍ਹੇ ਦੇ ਲੋਕਾਂ ਦੇ ਸਹਿਯੋਗ ਸਦਕਾ ਕਾਫੀ ਵੱਡੀ ਕਾਮਯਾਬੀ ਹਾਸਿ਼ਲ ਹੋਈ ਹੈ। ਸਾਲ 2002-03 ਵਿੱਚ ਐਸਐਸਪੀ. ਤਰਨਤਾਰਨ ਹੁੰਦਿਆਂ ਉਨਾਂ ਵੱਲੋੋਂ ਸਮਾਜ ਸੇਵੀ ਸੰਸਥਾਵਾਂ ਤੇ ਲੋੋਕਾਂ ਦੇ ਸਹਿਯੋੋਗ ਨਾਲ ਜੀਵਨ ਸਾਂਤੀ ਜਨ ਲਹਿਰ ਦੇ ਨਾਂ ਤੇ ਨਸ਼ਾਖੋਰੀ ਵਿਰੁੱਧ ਮੁਹਿੰਮ ਚਲਾਈ ਗਈ ਸੀ ਅਤੇ ਛੇ ਨਸ਼ਾ ਛੁਡਾਉ ਕੇਂਦਰ ਅਤੇ ਮੋਬਾਈਲ ਟੀਮਾਂ ਸਥਾਪਿਤ ਕੀਤੀਆਂ ਸਨ, ਜਿੰਨਾ ਦੇ ਚੰਗੇ ਨਤੀਜੇ ਸਾਹਮਣੇ ਆਏ ਸੀ ਅਤੇ ਤਕਰੀਬਨ 1300 ਤੋੋਂ ਵੀ ਵੱਧ ਲੋੋਕਾਂ ਨੂੰ ਨਸ਼ਾ ਮੁਕਤ ਕੀਤਾ ਗਿਆ ਸੀ ਤੇ ਉਸ ਨੂੰ ਰਾਜ ਸਰਕਾਰ ਨੇ ਵੀ ਅਪਣਾਇਆ ਸੀ।

ਡਾ. ਭਾਰਗਵ ਇੱਕ ਸਖਤ ਪੁਲਿਸ ਅਫਸਰ ਹੋਣ ਦੇ ਨਾਲ-ਨਾਲ ਮਿਲਾਪੜੇ ਸੁਭਾਅ ਦੇ ਮਾਲਕ ਵੀ ਹਨ। ਉਨਾਂ ਡਾਕਟਰ ਡਿਗਰੀ (ਪੀ.ਐਚ.ਡੀ) ਦਾ ਗਿਆਨ ਵੀ ਹਾਸਿਲ ਕੀਤਾ ਹੋਇਆ ਹੈ ਅਤੇ ਉਹ ਵਿਦਿਆਰਥੀ ਦਿਨਾਂ ਦੌਰਾਨ ਉਹ ਇੱਕ ਚੰਗੇ ਕ੍ਰਿਕਟਰ ਸਨ। ਉਨਾਂ ਨੇ ਨੌਰਥ ਜ਼ੋਨ ਅੰਤਰ ਯੂਨੀਵਰਸਿਟੀ ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। ਉਨਾਂ ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦੇ ਸੀਨੀਅਰ ਰਿਸਰਚ ਫੈਲੋ ਵਜੋਂ ਸੇਵਾਂਵਾਂ ਵੀ ਨਿਭਾਈਆਂ ਹਨ। ਡਾ ਭਾਰਗਵ ਇੱਕ ਪੁਲਿਸ ਅਧਿਕਾਰੀ ਜੋ ਰਾਜ ਵਿੱਚ ਆਪਣੀ ਮਹਾਨ ਵਚਨਬੱਧਤਾ, ਇਮਾਨਦਾਰੀ ਅਤੇ ਮਿਸਾਲੀ ਸਮਰਪਣ ਅਤੇ ਬਹਾਦਰੀ ਲਈ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ। ਉਨਾਂ ਸਮਾਜਿਕ ਬੁਰਾਈਆਂ ਜਿਵੇਂ ਨਸ਼ਾਖੋਰੀ, ਕੰਨਿਆ ਭਰੂਣ ਹੱਤਿਆ, ਦਾਜ, ਜੂਆ ਖੇਡਣਾ ਅਤੇ ਖ਼ਾਸ ਕਰ ਅੱਤਵਾਦ ਵਿਰੁੱਧ ਲੜਾਈ ਦੀ ਸ਼ੁਰੂਆਤ ਕੀਤੀ। ਉਨਾਂ ਕੋਲ ਕੰਮ ਕਰਨ ਦੀ ਵਿਲੱਖਣ ਸ਼ੈਲੀ ਹੈ, ਉਹ ਜਦੋਂ ਵੀ ਆਪਣੇ ਦਫਤਰ ਤੋਂ ਬਾਹਰ ਆ ਜਾਂਦੇ ਹਨ ਤਾਂ ਹਰ ਕਿਸੇ ਦੀ ਗੱਲ ਸੁਣਦੇ ਹਨ। ਜੋ ਉਨ੍ਹਾਂ ਦੇ ਦਫਤਰ ਵਿੱਚ ਉਨ੍ਹਾਂ ਦੀਆਂ ਸ਼ਕਿਾਇਤਾਂ ਦੇ ਨਿਪਟਾਰੇ ਲਈ ਆਉਂਦੇ ਹਨ ਅਤੇ ਮੌਕੇ ‘ਤੇ ਹੀ ਫੈਸਲਾ ਲੈਂਦੇ ਹਨ। ਉਨਾਂ ਦਾ ਕਹਿਣਾ ਹੈ ਕਿ ਪਬਲਿਕ ਨੂੰ ਇਨਸਾਫ ਦੇਣਾ ਪੁਲਿਸ ਦਾ ਕੰਮ ਹੈ ਤੇ ਕੋਈ ਵੀ ਵਿਅਕਤੀ ਉਨਾਂ ਨੂੰ ਕਿਸੇ ਟਾਇਮ ਵੀ ਮਿਲ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ। ਉਹ ਫਰਿਆਦੀ ਦੀ ਫਰਿਆਦ ਸੁਣ ਕੇ ਮੌਕੇ ਤੇ ਇਨਸਾਫ ਦੇਣ ਲਈ ਵਚਨਬੱਧ ਹਨ। ਉਨਾਂ ਪੁਲਿਸ ਵਿਭਾਗ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਸਖਤ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸ਼ਾਂਤਮਈ ਅਤੇ ਸਾਫ ਸੁਥਰੇ ਸਮਾਜ ਦੀ ਸਿਰਜਣਾ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਲੋਕਾਂ ਦੇ ਸਹਿਯੋਗ ਨਾਲ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।