ਸੁਨਾਮ ਊਧਮ ਸਿੰਘ ਵਾਲਾ, ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਨੂੰ  ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਦੱਸਿਆ ਹੈ।  ਭਗਵੰਤ ਮਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੇ ਬਰਸੀ ਸਮਾਗਮ ਵਿੱਚ ਪੁੱਜੇ ਸਨ।
ਸ਼ਰਧਾਂਜਲੀ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਦੇਸ਼ ਵਿੱਚ ਪਹਿਲਾਂ ਤੋਂ ਹੀ ਮੌਜੂਦ ਐਨਡੀਪੀਐਸ ਐਕਟ ਵਿੱਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਸ੍ਰੀ ਮਾਨ ਨੇ ਕਿਹਾ ਕਿ ਅਸਲ ਵਿੱਚ ਨਸ਼ਿਆਂ ਸਬੰਧੀ ਕੈਪਟਨ ਸਰਕਾਰ ਦੀ ਨੀਅਤ ਅਤੇ ਨੀਤੀ ਸਪੱਸ਼ਟ ਨਹੀਂ, ਜਿਸ ਕਾਰਨ ਸੂਬੇ ਵਿੱਚ ਚਿੱਟੇ ਦੀ ਮਾਰ ਨਾਲ ਮਾਵਾਂ ਦੇ ਨੌਜਵਾਨ ਪੁੱਤਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੇਠਲੇ ਪੱਧਰ ਤੋਂ ਉੱਚ ਪੁਲੀਸ ਅਧਿਕਾਰੀਆਂ ਤੱਕ ਦੇ ਨਾਮ ਨਸ਼ਾ ਤਸਕਰੀ ਵਿੱਚ ਆ ਰਹੇ ਹਨ, ਜੋ ਸੱਤਾਧਾਰੀ ਸਿਆਸੀ ਅਕਾਵਾਂ ਦੀ ਮਿਲੀਭੁਗਤ ਤੋਂ ਬਿਨਾ ਸੰਭਵ ਨਹੀਂ। ਉਨ੍ਹਾਂ ਅਕਾਲੀ ਦਲ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਹੁਣ ਨਸ਼ਿਆਂ (ਚਿੱਟਾ) ਖ਼ਿਲਾਫ਼ ਮਨਾਇਆ ਜਾ ਰਿਹਾ ਹਫ਼ਤਾ ਸਦੀ ਦਾ ਸਭ ਤੋਂ ਵੱਡਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕੋਹੜ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹੈ।