ਚੰਡੀਗੜ੍ਹ, 15 ਦਸੰਬਰ
ਪੰਜਾਬ ਪੁਲੀਸ ਦੇ ਵਧੀਕ ਡੀ.ਜੀ.ਪੀ. ਅਤੇ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਕਾਇਮ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਅਤੇ ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਦਰਮਿਆਨ ਚੱਲ ਰਹੀ ਖਿੱਚੋਤਾਣ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਐਸਐਸਪੀ ਨੇ ਵਧੀਕ ਡੀਜੀਪੀ ’ਤੇ ਨਿੱਜੀ ਰੰਜਿਸ਼ ਤਹਿਤ ਕਾਰਵਾਈ ਕਰਨ ਅਤੇ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲਾ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਐਸਟੀਐਫ ਵੱਲੋਂ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਦਰਜ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਜਾਂ ਕਿਸੇ ਹੋਰ ਅਫ਼ਸਰ ਤੋਂ ਕਰਾਈ ਜਾਵੇ।
ਜਸਟਿਸ ਸੂਰਿਆ ਕਾਂਤ ’ਤੇ ਆਧਾਰਤ ਬੈਂਚ ਨੇ ਪੰਜਾਬ ਸਰਕਾਰ ਨੂੰ ਛੇ ਅਫ਼ਸਰਾਂ ਦੇ ਨਾਮ ਦਾ ਪੈਨਲ ਭੇਜਣ ਲਈ ਕਿਹਾ ਹੈ। ਇਸ ਮਾਮਲੇ ’ਤੇ ਅਦਾਲਤ ਵੱਲੋਂ ਭਲਕੇ ਵੀ ਸੁਣਵਾਈ ਕੀਤੀ ਜਾਵੇਗੀ। ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਭਲਕੇ ਅਦਾਲਤ ਨੂੰ ਅਫ਼ਸਰਾਂ ਦੀ ਸੂਚੀ ਦਿੱਤੀ ਜਾਵੇਗੀ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪੁਲੀਸ ਅਫ਼ਸਰਾਂ ਦੇ ਨਾਮ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿੱਚ ਈਡੀ ਵੱਲੋਂ ਪੇਸ਼ ਹੁੰਦੇ ਸੀਨੀਅਰ ਵਕੀਲ ਅਨੁਪਮ ਗੁਪਤਾ ਨੂੰ ਦਿਖਾ ਦਿੱਤੇ ਜਾਣ। ਪੰਜਾਬ ਪੁਲੀਸ ਦੇ ਅਫ਼ਸਰਾਂ ਦਰਮਿਆਨ ਚਲਦੀ ਅੰਦਰੂਨੀ ਖਿੱਚੋਤਾਣ ਦਾ ਮਾਮਲਾ ਹਾਈ ਕੋਰਟ ਪਹੁੰਚਣ ਕਾਰਨ ਇਹ ਮੁੱਦਾ ਬੜਾ ਰੌਚਕ ਹੋ ਗਿਆ ਹੈ।ਐਸ.ਟੀ.ਐਫ. ਦੀਆਂ ਸਰਗਰਮੀਆਂ ਤੋਂ ਬਾਅਦ ਐਸਐਸਪੀ ਰਾਜਜੀਤ ਸਿੰਘ ਨੇ ਨਵੰਬਰ ਮਹੀਨੇ ਦੌਰਾਨ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਨੂੰ ਲਿਖੇ ਪੱਤਰ ਰਾਹੀਂ ਵੀ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਦੀ ਮੰਗ ਕੀਤੀ ਸੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਪੱਤਰ ਨੰਬਰ 6821/ਸੀਬੀ ਮਿਤੀ 21 ਨਵੰਬਰ ਰਾਹੀਂ ਐਸਐਸਪੀ ਦੀ ਮੰਗ ’ਤੇ ਮੋਹਰ ਲਾਉਂਦਿਆਂ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਾਉਣ ਲਈ ਆਖ ਦਿੱਤਾ ਸੀ। ਇਸ ਤਰ੍ਹਾਂ ਸੀਨੀਅਰ ਅਫ਼ਸਰਾਂ ਨੇ ਅਸਿੱਧੇ ਤੌਰ ’ਤੇ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਕੰਮ ਕਰਦੀ ਏਜੰਸੀ ਦੀ ਭਰੋਸੇਯੋਗਤਾ ਉਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ, ਜੋ ਚਰਚਾ ਦਾ ਵਿਸ਼ਾ ਹੈ। ਰਾਜਜੀਤ ਸਿੰਘ ਨੇ ਵਧੀਕ ਡੀਜੀਪੀ ’ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸ੍ਰੀ ਸਿੱਧੂ ਹਰ ਹੀਲੇ ਮੈਨੂੰ (ਐਸਐਸਪੀ) ਨੂੰ ਫਸਾਉਣਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ‘‘ਨਸ਼ਿਆਂ ਦੀ ਸਮਗਲਿੰਗ ਸਬੰਧੀ ਦਰਜ ਇਸ ਐਫ.ਆਈ.ਆਰ. ਵਿੱਚ ਨਾਮਜ਼ਦ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਡੀਐਸਪੀ (ਸੇਵਾਮੁਕਤ) ਜਸਵੰਤ ਸਿੰਘ ਜੋ ਮੇਰੇ ਅਧੀਨ ਕੰਮ ਕਰ ਚੁੱਕੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਵੀ ਦੋਸ਼ੀ ਹਾਂ।’’ ਉਨ੍ਹਾਂ ਦਾਅਵਾ ਕੀਤਾ ਕਿ ‘‘ਮੇਰੇ ਖ਼ਿਲਾਫ਼ ਕੋਈ ਸਬੂਤ ਨਹੀਂ ਪਰ ਐਸ.ਟੀ.ਐਫ. ਦੇ ਮੁਖੀ ਵੱਲੋਂ ਜਾਣ-ਬੁੱਝ ਕੇ ਨਿੱਜੀ ਰੰਜਿਸ਼ ਤਹਿਤ ਫਸਾਉਣ ਦੇ ਯਤਨ ਕੀਤੇ ਜਾ ਰਹੇ ਹਨ।’’
ਜ਼ਿਕਰਯੋਗ ਹੈ ਕਿ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਨਸ਼ਿਆਂ ਦੀ ਵੱਡੀ ਬਰਾਮਦਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਨੂੰ ਐਸ.ਟੀ.ਐਫ. ਵੱਲੋਂ ਵੱਡੀ ਪ੍ਰਾਪਤੀ ਵਜੋਂ ਗਿਣਿਆ ਜਾਂਦਾ ਸੀ। ਇਸ ਬਰਖਾਸਤ ਇੰਸਪੈਕਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਸ.ਟੀ.ਐਫ. ਅਧਿਕਾਰੀਆਂ ਨੇ ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਨੂੰ ਵੀ ਪੁੱਛ-ਪੜਤਾਲ ਲਈ ਤਲਬ ਕੀਤਾ ਸੀ। ਸੂਤਰਾਂ ਮੁਤਾਬਕ ਐਸ.ਟੀ.ਐਫ. ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ, ਰਾਜਜੀਤ ਸਿੰਘ ਦੇ ਮਾਤਹਿਤ ਕੰਮ ਕਰਦੇ ਸਮੇਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ ਐਸ.ਟੀ.ਐਫ. ਨੇ ਜਦੋਂ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਤੋਂ ਕੁੱਝ ਦਿਨ ਪਹਿਲਾਂ ਹੀ ਉਸ (ਇੰਦਰਜੀਤ) ਨੂੰ ਮੋਗਾ ਤਬਦੀਲ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ। ਉਦੋਂ ਤੋਂ ਵਿਭਾਗ ਵਿੱਚ ਰਾਜਜੀਤ ਸਿੰਘ ਨੂੰ ਵਿਵਾਦਤ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ।