ਮੈਲਬਰਨ, 17 ਮਾਰਚ
ਆਸਟਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਸਰਕਾਰ ਦੀ ਖ਼ੁਦ ਨੂੰ 14 ਦਿਨ ਇਕੱਲੇਪਨ ਵਿੱਚ ਰੱਖਣ ਸਬੰਧੀ ਨੀਤੀ ਦੇ ਪ੍ਰਭਾਵ ਬਾਰੇ ਫ਼ਿਕਰ ਜ਼ਾਹਰ ਕੀਤਾ ਹੈ। ਆਸਟਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਕਦਮ ਤਹਿਤ ਐਤਵਾਰ ਅੱਧੀ ਰਾਤ (15 ਮਾਰਚ) ਮਗਰੋਂ ਜੋ ਵੀ ਵਿਅਕਤੀ ਵਿਦੇਸ਼ ਤੋਂ ਵਾਪਸ ਪਰਤਦਾ ਹੈ, ਉਸ ਨੂੰ 14 ਦਿਨਾਂ ਲਈ ਖ਼ੁਦ ਇਕੱਲੇਪਨ ਵਿੱਚੋਂ ਗੁਜ਼ਰਨਾ ਹੋਵੇਗਾ।
ਹਾਲਾਂਕਿ ਕਾਫ਼ੀ ਨਾਗਰਿਕ ਇਸ ਇਹਤਿਆਤੀ ਕਦਮ ਦੇ ਪ੍ਰਭਾਵਾਂ ਬਾਰੇ ਭੰਬਲਭੂਸੇ ਵਿੱਚ ਹਨ। ਆਸਟਰੇਲੀਆ ਦੀ ਖੇਡ ਪੱਤਰਕਾਰ ਵੇਰੋਨਿਕਾ ਈਗਲਟਨ ਨੇ ਟਵੀਟ ਕੀਤਾ, “ਅਸਲ ਸਵਾਲ- ਸਰਕਾਰ ਨੂੰ ਕਿਵੇਂ ਪਤਾ ਚੱਲੇਗਾ ਕਿ ਬਾਹਰੋਂ ਆਏ ਲੋਕਾਂ ਨੇ ਖ਼ੁਦ ਨੂੰ ਇਕੱਲੇਪਨ ਵਿੱਚ ਰੱਖਿਆ ਹੋਇਆ ਹੈ?” ਫਿੰਚ ਨੇ ਵੀ ਈਗਲਟਨ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, “ਮੈਂ ਵੀ ਇਹੀ ਸੋਚ ਕੇ ਹੈਰਾਨ ਹਾਂ।’’ ਫਿੰਚ ਦੀ ਟਿੱਪਣੀ ਦੇ ਜਵਾਬ ਵਿੱਚ ਵਾਰਨਰ ਨੇ ਲਿਖਿਆ, ‘‘ਹਵਾਈ ਅੱਡੇ ਤੋਂ ਘਰ ਆਉਣ ਲਈ ਉਨ੍ਹਾਂ ਨੇ ਊਬਰ/ਟੈਕਸੀ/ਬੱਸ/ਰੇਲ ਗੱਡੀ ਜਾਂ ਜੋ ਵੀ ਸਾਧਨ ਕਰਵਾਇਆ ਹੋਵੇਗਾ, ਉਸ ਦਾ ਕੀ ਹੋਵੇਗਾ?’’ ਕਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ ਛੇ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ ਡੇਢ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਸੁਪਰ ਲੀਗ ਅੱਧ-ਵਿਚਾਲੇ ਛੱਡ ਆਪਣੇ ਦੇਸ਼ ਪਰਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਨਗਨ ਨੇ ਆਪਣੀ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਦਿਸ ਰਿਹਾ ਸੀ ਕਿ ਉਸਨੇ ਖ਼ੁਦ ਨੂੰ ਪਰਿਵਾਰ ਤੋਂ ਵੱਖ ਰੱਖਿਆ ਹੋਇਆ ਹੈ। ਉਸਨੇ ਟਵੀਟ ਕੀਤਾ, “ਸਿੱਧਾ ਘਰ ਆ ਕੇ ਸਾਰਿਆਂ ਤੋਂ ਵੱਖ ਹੋ ਗਿਆ। ਮੇਰੀ ਪਤਨੀ ਕੁਝ ਹਫ਼ਤਿਆਂ ਲਈ ਆਪਣੇ ਪੇਕੇ ਰਹੇਗੀ। 14 ਦਿਨਾਂ ਮਗਰੋਂ ਪ੍ਰਸ਼ੰਸਕਾਂ ਨੂੰ ਮਿਲਾਂਗਾ।’’