ਕੁਆਲਾਲੰਪੁਰ:ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅਤੇ ਐੱਚ.ਐੱਸ. ਪ੍ਰਣਯ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ। ਸੱਤਵਾਂ ਦਰਜਾ ਪ੍ਰਾਪਤ ਸਿੰਧੂ ਨੇ 32ਵੀਂ ਰੈਂਕਿੰਗ ਵਾਲੀ ਚੀਨ ਦੀ ਜ਼ਾਂਗ ਯੀ ਮਾਨ ਨੂੰ 28 ਮਿੰਟਾਂ ਵਿੱਚ 21-12, 21-10 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਆਖ਼ਰੀ ਅੱਠ ਵਿੱਚ ਰਵਾਇਤੀ ਵਿਰੋਧੀ ਚੀਨੀ ਤਾਇਪੈ  ਦੀ ਤਾਈ ਜ਼ੂ ਯਿੰਗ ਨਾਲ ਹੋਵੇਗਾ। ਦੁਨੀਆਂ ਦੀ ਦੂਜੇ ਨੰਬਰ ਦੀ ਖਿਡਾਰਨ ਖ਼ਿਲਾਫ਼ ਸਿੰਧੂ ਦਾ ਰਿਕਾਰਡ 5-16 ਦਾ ਹੈ। ਪਿਛਲੇ ਹਫ਼ਤੇ ਮਲੇਸ਼ੀਆ ਓਪਨ ਵਿੱਚ ਵੀ ਉਸ ਨੇ ਸਿੰਧੂ ਨੂੰ ਹਰਾਇਆ ਸੀ। ਉਧਰ, ਪੁਰਸ਼ ਸਿੰਗਲਜ਼ ਵਿੱਚ ਪ੍ਰਣਯ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਜਦਕਿ ਬੀ ਸਾਈ ਪ੍ਰਣੀਤ ਤੇ ਪੀ ਕਸ਼ਿਅਪ ਹਾਰ ਕੇ ਬਾਹਰ ਹੋ ਗਏ। ਪ੍ਰਣਯ ਨੇ ਚੀਨੀ ਤਾਇਪੈ ਦੇ ਵਾਂਗ ਜ਼ੂ ਵੇਈ ਨੂੰ 21-19, 21-16 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਜਾਪਾਨ ਦੇ ਕੋਂਟਾ ਸੁਨੇਯਾਮਾ ਨਾਲ ਹੋਵੇਗਾ। ਇਸੇ ਦੌਰਾਨ ਬੀ ਸਾਈ ਪ੍ਰਣੀਤ ਨੂੰ ਚੀਨ ਦੇ ਲੀ ਸ਼ੀ ਫੈਂਗ ਨੇ 21-14, 21-17 ਨਾਲ ਹਰਾਇਆ ਜਦਕਿ ਕਸ਼ਿਅਪ ਨੂੰ ਛੇਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥਨੀ ਸਿਨੀਸੁਕਾ ਗਿੰਟਿੰਗ ਨੇ ਹਰਾਇਆ।