ਨਵੀਂ ਦਿੱਲੀ, 14 ਦਸੰਬਰ
ਇਥੇ ਉੱਤਮ ਨਗਰ ਨੇੜੇ ਅੱਜ ਸਵੇਰੇ ਦੋ ਬਾਈਕ ਸਵਾਰਾਂ ਨੇ ਸਕੂਲ ਜਾ ਰਹੀ 12ਵੀਂ ਦੀ 17 ਸਾਲਾ ਲੜਕੀ ’ਤੇ ‘ਤੇਜ਼ਾਬ’ ਸੁੱਟ ਦਿੱਤਾ। ਇਸ ਕਾਰਨ ਲੜਕੀ ਦਾ ਚਿਹਰਾ 8 ਫ਼ੀਸਦੀ ਸੜ ਗਿਆ। ਮੁਲਜ਼ਮਾਂ ‘ਚੋਂ ਇਕ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲੀਸ ਮੁਤਾਬਕ ਇਸ ਮਾਮਲੇ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਮਿਲੀ ਅਤੇ ਪੀੜਤਾ ‘ਤੇ ਮੋਹਨ ਗਾਰਡਨ ਇਲਾਕੇ ‘ਚ ਹਮਲਾ ਕੀਤਾ ਗਿਆ। ਅੱਜ ਸਵੇਰੇ ਕਰੀਬ 7.30 ਵਜੇ ਬਾਈਕ ‘ਤੇ ਸਵਾਰਾਂ ਨੇ ਉਸ ਸਮੇਂ ਤੇਜ਼ਾਬ ਸੁੱਟਿਆ ਜਦੋਂ ਲੜਕੀ ਆਪਣੀ ਛੋਟੀ ਭੈਣ ਦੇ ਨਾਲ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਦਾ ਸਫਦਰਜੰਗ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਲੜਕੀ ਨੇ ਹਮਲੇ ਲਈ ਜ਼ਿੰਮੇਵਾਰ ਦੋ ਵਿਅਕਤੀਆਂ ਦੇ ਨਾਮ ਲਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਦਿੱਲੀ ਦੇ ਉਪ ਰਾਜਪਾਲ ਐੈੱਸਕੇ ਸਕਸੈਨਾ ਨੇ ਇਸ ਘਟਨਾ ‘ਤੇ ਪੁਲੀਸ ਮੁਖੀ ਤੋਂ ਰਿਪੋਰਟ ਮੰਗੀ ਹੈ ਕਿ ਪਾਬੰਦੀ ਦੇ ਬਾਵਜੂਦ ਤੇਜ਼ਾਬ ਕਿਵੇਂ ਉਪਲਬੱਧ ਹੋਇਆ।