ਮੁੰਬਈ: ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਫਿਲਮਾਂ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੂਪੁਰ ਸੈਨਨ ਦੀ ਫਿਲਮ ‘ਨੂਰਾਨੀ ਚਿਹਰਾ’ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ। ਨਵਨੀਤ ਸਿੰਘ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ ਆਪਣੀ ਚਮੜੀ ਦੇ ਰੰਗ ਸਬੰਧੀ ਸਹਿਜ ਹੋਣ ਬਾਰੇ ਇੱਕ ਨਰੋਆ ਸਮਾਜਿਕ ਸੁਨੇਹਾ ਦਿੰਦੀ ਹੈ। ਇਸ ਨੂੰ ਪੈਨੋਰਮਾ ਸਟੂਡੀਓਜ਼ ਅਤੇ ਵਾਈਲਡ ਰਿਵਰ ਪਿਕਚਰਜ਼ ਨੇ ਪਲਪ ਫਿਕਸ਼ਨ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ। ਪੈਨੋਰਮਾ ਸਟੂਡੀਓਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੁਮਾਰ ਮੰਗਤ ਪਾਠਕ ਨੇ ਕਿਹਾ ਕਿ ‘ਨੂਰਾਨੀ ਚਿਹਰਾ’ ਬਣਾਉਣ ਪਿੱਛੇ ਵਿਚਾਰ ਇੱਕ ਅਜਿਹੀ ਫਿਲਮ ਬਣਾਉਣਾ ਸੀ, ਜੋ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਸੋਚਣ ਲਈ ਮਜਬੂੁਰ ਕਰੇ। ‘ਰੇਡ’ ਅਤੇ ‘ਉਜੜਾ ਚਮਨ’ ਦੇ ਨਿਮਰਾਤਾ ਪਾਠਕ ਨੇ ਇੱਕ ਬਿਆਨ ਵਿੱਚ ਕਿਹਾ, ‘‘ਅੱਜ ਦੇ ਸਮਿਆਂ ਵਿੱਚ ਜਦੋਂ ਚਮੜੀ ਦਾ ਰੰਗ, ਸਰੀਰ ਦੀ ਸਕਾਰਾਤਮਕਤਾ ਅਤੇ ਗੰਜਾਪਣ ਵਰਗੇ ਵਿਸ਼ੇ ਉੱਭਰ ਕੇ ਸਾਹਮਣੇ ਆੲੇ ਹਨ ਤਾਂ ਇਹੀ ਸਮਾਂ ਸੀ ਕਿ ਦਿੱਖ ਵਰਗੇ ਵਿਸ਼ੇ ਨਾਲ ਨਜਿੱਠਣ ਲਈ ਫਿਲਮ ਬਣਾ ਕੇ ਉਸਾਰੂ ਸੰਦੇਸ਼ ਦਿੱਤਾ ਜਾਵੇ। ਅਸੀਂ ਇਸ ਵਿਲੱਖਣ ਰੋਮਾਂਸ ਲਈ ਨਵਾਜ਼ੂਦੀਨ ਅਤੇ ਨੂਪੁਰ ਦੀ ਨਵੀਂ ਜੋੜੀ ਦਾ ਐਲਾਨ ਕਰਕੇ ਖੁਸ਼ ਹਾਂ।’’ ਸਿੱਦੀਕੀ ਨੇ ਕਿਹਾ ਕਿ ਆਉਣ ਵਾਲੀ ਫਿਲਮ ਸਮਾਜ ਦੇ ਸਭ ਤੋਂ ਵੱਡੇ ਭੁਲੇਖੇ ਨੂੰ ਦਰਸਾਉਂਦੀ ਹੈ ਅਤੇ ਸੰਦੇਸ਼ ਦਿੰਦੀ ਹੈ ਕਿ ‘ਦਿੱਖ ਸਮਝ ਦਾ ਮਾਮਲਾ ਹੈ।’ ਕ੍ਰਿਤੀ ਸੈਨਨ ਦੀ ਛੋਟੀ ਭੈਣ ਨੂਪੁਰ ਸੈਨਨ ਨਾਲ ਇਸ ਪ੍ਰਾਜੈਕਟ ’ਤੇ ਕੰਮ ਕਰਕੇ ਖ਼ੁਸ਼ ਹੈ। ਨੂਪੁਰ ਸੈਨਨ ਨੇ ਕਿਹਾ ਕਿ ਉਹ ਸਿੱਦੀਕੀ ਨਾਲ ਆਪਣੀ ਪਹਿਲੀ ਫਿਲਮ ਕਰਨ ਲਈ ਕਾਫ਼ੀ ਉਤਸ਼ਾਹਿਤ ਹੈ। ‘ਨੂਰਾਨੀ ਚਿਹਰਾ’ ਦੇ ਨਿਰਮਾਤਾ ਕੁਮਾਰ ਮੰਗਤ ਪਾਠਕ, ਆਰੁਸ਼ੀ ਮਲਹੋਤਰਾ, ਨੰਦਨੀ ਸ਼ਰਮਾ, ਨੀਤਾ ਸ਼ਾਹ ਅਤੇ ਭਰਤਕੁਮਾਰ ਸ਼ਾਹ ਹਨ।