ਜਲੰਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ‘ਉੱਡਣ ਖਟੋਲਾ’ ਜਦੋਂ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਚ ਉਤਰਿਆ ਤਾਂ ਉਥੇ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਗ਼ੈਰਹਾਜ਼ਰੀ ਦੇਖ ਕੇ ਕਈ ਮੰਤਰੀਆਂ ਦਾ ਪਾਰਾ ਸੱਤਵੇਂ ਆਸਮਾਨ ’ਤੇ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ’ਚ ਮੰਤਰੀ ਮੰਡਲ ਦੀ ਮੀਟਿੰਗ ਕਰ ਕੇ ਜਿੱਥੇ ਨਿਵੇਕਲਾ ਇਤਿਹਾਸ ਸਿਰਜਿਆ ਹੈ, ਉਥੇ ਹੀ ਉਨ੍ਹਾਂ ਨੂੰ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਗ਼ੈਰਹਾਜ਼ਰੀ ਵੀ ਚੁੱਭਦੀ ਰਹੀ।
ਜ਼ਿਲ੍ਹਾ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਕਿਸੇ ਕਾਰਨ ਨਾਰਾਜ਼ ਹੈ ਤੇ ਉਸ ਦੀ ਨਾਰਾਜ਼ਗੀ ਨੂੰ ਦੂਰ ਕਰ ਲਿਆ ਜਾਵੇ ਤਾਂ ਕਿ ਮੀਡੀਆ ਵਿਚ ਕੋਈ ਗ਼ਲਤ ਸੁਨੇਹਾ ਨਾ ਜਾਵੇ। ਸੂਤਰ ਦੱਸਦੇ ਹਨ ਕਿ ਸ੍ਰੀ ਚੀਮਾ ਆਪਣੇ ਲਈ ਕੈਬਨਿਟ ’ਚ ਥਾਂ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਸਫ਼ਲਤਾ ਨਹੀਂ ਮਿਲੀ, ਜਿਸ ਕਰਕੇ ਉਹ ਨਾਰਾਜ਼ ਹਨ। ਇਸੇ ਦੌਰਾਨ ਕੈਪਟਨ ਖੇਮੇ ਨੇ ਨਵਤੇਜ ਸਿੰਘ ਚੀਮਾ ਨਾਲ ਸੰਪਰਕ ਕਰਨ ਲਈ ਯਤਨ ਤੇਜ਼ ਕਰ ਦਿੱਤੇ। ਇਕ ਸੀਨੀਅਰ ਮੰਤਰੀ ਨੇ ਨਵਤੇਜ ਸਿੰਘ ਚੀਮਾ ਨੂੰ ਕਿਹਾ ਕਿ ਉਹ ਚੁੱਪ ਕਰ ਕੇ ਕੰਮ ਕਰਵਾ ਲਵੇ, ਬਾਬੇ ਨਾਨਕ ਦੇ ਕੰਮਾਂ ਵਿਚ ਅੜਿੱਕੇ ਨਹੀਂ ਪਾਈਦਾ।
ਸਥਾਨਕ ਸਰਕਾਰਾਂ ਬਾਰੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਮੰਡਲ ’ਚ ਸ਼ਾਮਲ ਸਨ ਤਾਂ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਜਾ ਕੇ ਸਾਲਿਡ ਵੇਸਟ ਮੈਨੇਜਮੈਂਟ ਸਮੇਤ ਕਈ ਤਰ੍ਹਾਂ ਦੇ ਪ੍ਰਾਜੈਕਟ ਹਲਕੇ ਨੂੰ ਦੇਣੇ ਸਨ ਪਰ ਨਵਤੇਜ ਸਿੰਘ ਚੀਮਾ ਨੇ ਉਨ੍ਹਾਂ ਦਾ ਅਖ਼ੀਰ ਤੱਕ ਟੈਲੀਫੋਨ ਨਹੀਂ ਸੀ ਚੁੱਕਿਆ। ਨਵਜੋਤ ਸਿੰਘ ਸਿੱਧੂ ਅਗਸਤ 2017 ਵਿਚ ਸੀਚੇਵਾਲ ਪਿੰਡ ਦਾ ਟਰੀਟਮੈਂਟ ਪਲਾਂਟ ਦੇਖਣ ਤੋਂ ਬਾਅਦ ਸੁਲਤਾਨਪੁਰ ਲਈ ਰਵਾਨਾ ਹੋਣ ਵਾਲੇ ਸਨ ਪਰ ਅੱਗਿਓਂ ਵਿਧਾਇਕ ਚੀਮਾ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ ’ਤੇ ਸਿੱਧੂ ਨੂੰ ਅੱਧ-ਵਿਚਾਲਿਓਂ ਆਪਣਾ ਦੌਰਾ ਸਮਾਪਤ ਕਰਨਾ ਪਿਆ ਸੀ।
ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਨਵਤੇਜ ਸਿੰਘ ਚੀਮਾ ਨੇ ਸ਼ਰ੍ਹੇਆਮ ਆਪਣੀ ਨਾਰਾਜ਼ਗੀ ਜੱਗ ਜ਼ਾਹਰ ਕੀਤੀ ਹੋਵੇ। ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਤਿੰਨ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਓਪੀ ਸੋਨੀ ਨੂੰ ਤਾਇਨਾਤ ਕੀਤਾ ਸੀ ਤਾਂ ਉਹ ਜਦੋਂ ਮੀਟਿੰਗ ਕਰਨ ਲਈ ਸੁਲਤਾਨਪੁਰ ਲੋਧੀ ਪਹੁੰਚੇ ਸਨ ਤਾਂ ਨਵਤੇਜ ਸਿੰਘ ਚੀਮਾ ਉਦੋਂ ਵੀ ਗ਼ੈਰਹਾਜ਼ਰ ਰਹੇ ਸਨ। ਉਨ੍ਹਾਂ ਦੀ ਗ਼ੈਰਹਾਜ਼ਰੀ ਬਾਰੇ ਜਦੋਂ ਮੀਡੀਆ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ ਸੀ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਸੀ ਦੇ ਸਕੇ। ਉਦੋਂ ਇਹ ਚਰਚਾ ਸੀ ਕਿ ਪ੍ਰਕਾਸ਼ ਪੁਰਬ ਪ੍ਰਬੰਧਾਂ ਵਿਚ ਵਿਧਾਇਕ ਨੂੰ ਕੋਈ ਅਹਿਮੀਅਤ ਨਾ ਦੇਣ ਕਾਰਨ ਉਨ੍ਹਾਂ ਦਾ ਧੜਾ ਨਾਰਾਜ਼ ਹੋ ਗਿਆ ਸੀ। ਚੀਮਾ ਧੜੇ ਨੇ ਹੀ ਸਲਾਹ ਦਿੱਤੀ ਸੀ ਕਿ ਇਨ੍ਹਾਂ ਤਿੰਨਾਂ ਮੰਤਰੀਆਂ ਤੋਂ ਦੂਰੀ ਬਣਾਈ ਜਾਵੇ।
ਨਵਤੇਜ ਸਿੰਘ ਚੀਮਾ ਨੇ ਆਪਣੇ ਨੇੜਲੇ ਵਿਧਾਨ ਸਭਾ ਹਲਕਿਆਂ ਦੇ ਦੋ ਵਿਧਾਇਕਾਂ ਨਾਲ ਵੀ ਸਿਆਸੀ ਪੰਗਾ ਲਿਆ ਸੀ। ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਕਿਹਾ ਸੀ ਕਿ ਸੁਲਤਾਨਪੁਰ ਦੇ ਪਿੰਡ ਲਾਟੀਆਂ ਵਾਲ ਵਿਚ ਸ਼ਰ੍ਹੇਆਮ ਨਸ਼ੇ ਵਿਕਦੇ ਹਨ। ਇਸੇ ਤਰ੍ਹਾਂ ਨਸ਼ਿਆਂ ਦੀ ਗੱਲ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਕਹੀ ਸੀ। ਮਗਰੋਂ ਇਨ੍ਹਾਂ ਦੋਹਾਂ ਵਿਧਾਇਕਾਂ ਵਿਰੁੱਧ ਨਵਤੇਜ ਸਿੰਘ ਚੀਮਾ ਨੇ ਮੋਰਚਾ ਖੋਲ੍ਹ ਦਿੱਤਾ ਸੀ ਕਿ ਇਨ੍ਹਾਂ ਵਿਧਾਇਕਾਂ ਦੇ ਆਪਣੇ ਹਲਕਿਆਂ ਦੇ ਪਿੰਡਾਂ ਵਿਚ ਵੀ ਨਸ਼ੇ ਵਿਕ ਰਹੇ ਹਨ।