ਅੰਮ੍ਰਿਤਸਰ, 23 ਸਤੰਬਰ

ਖੇਤੀ ਬਿੱਲਾਂ ਖ਼ਿਲਾਫ਼ ਅੱਜ ਇੱਥੇ ਭੰਡਾਰੀ ਪੁਲ ’ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸ੍ਰੀ ਸਿੱਧੂ ਨੇ ਕਿਸਾਨ ਏਕਤਾ ਦੇ ਨਾਅਰੇ ਲਾਏ। ਉਨ੍ਹਾਂ ਨੇ ਰੋਸ ਵਜੋਂ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਟਰੈਕਟਰ-ਟਰਾਲੀ ’ਤੇ ਸਵਾਰ ਸਨ। ਕਾਂਗਰਸੀਆਂ ਵੱਲੋਂ ਖੇਤੀ ਬਿਲਾਂ ਖ਼ਿਲਾਫ਼ ਮੋਦੀ ਹਾਏ-ਹਾਏ ਦੇ ਨਾਅਰੇ ਲਾਏ ਗਏ। ਪ੍ਰਦਰਸ਼ਨਕਾਰੀਆਂ ਨੇ ਸੰਕੇਤਕ ਰੋਸ ਮਾਰਚ ਕੀਤਾ ਅਤੇ ਭੰਡਾਰੀ ਪੁਲ ਤੋਂ ਮਾਰਚ ਕਰਦੇ ਹੋਏ ਹਾਲ ਗੇਟ ਤੱਕ ਆਏ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ ਉੱਪਰ ਖੇਤੀ ਬਿੱਲਾਂ ਅਤੇ ਮੋਦੀ ਸਰਕਾਰ ਖਿਲਾਫ ਨਾਅਰੇ ਲਿਖੇ ਹੋਏ ਸਨ।

ਸ੍ਰੀ ਸਿੱਧੂ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਕਾਰਨ ਇੱਥੇ ਕਰੋਨਾ ਨਿਯਮਾਂ ਖ਼ਾਸ ਕਰਕੇ ਆਪਸੀ ਦੂਰੀ ਦੇ ਨਿਯਮ ਦੀਆਂ ਧੱਜੀਆਂ ਉੱਡੀਆਂ। ਵਧੇਰੇ ਸਮਰਥਕਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ।