ਚੰਡੀਗੜ੍ਹ, 30 ਦਸੰਬਰ

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਆਖੇ ਜਾਣ ਤੋਂ ਬਾਅਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਮੁਆਫੀ ਮੰਗ ਲਈ। ਉਸ ਨੇ ਬੀਤੇ ਦਿਨੀਂ ਖੰਡੇ ਵਾਲੀ ਲੋਈ ਦੀ ਬੁੱਕਲ ਮਾਰੀ ਸੀ ਤੇ ਇਸ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਕੁੱਝ ਸਿੱਖ ਸੰਗਠਨਾਂ ਨੇ ਵਿਰੋਧ ਕਰਦਿਆਂ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਸੀ। ਮੰਗ ਪੱਤਰ ਵਿੱਚ ਕਿਹਾ ਸੀ ਕਿ ਸਿੱਧੂ ਦੇ ਅਜਿਹਾ ਕਰਨ ਨਾਲ ਸਿੱਖਾਂ ਦੇ ਮਨ ਨੂੰ ਸੱਟ ਵੱਜੀ ਹੈ। ਸਿੱਧੂ ਨੇ ਟਵੀਟ ਕੀਤਾ ‘ ਅਣਜਾਣੇ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਜੀ ਸੱਟ ਲਈ ਮੁਆਫੀ ਮੰਗ ਰਿਹਾ ਹਾਂ। ਅਕਾਲ ਤਖਤ ਸਰਬਉੱਚ ਹੈ, ਜੇ ਮੈਂ ਅਣਜਾਣੇ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ। ਲੱਖਾਂ ਲੋਕ ਆਪਣੀ ਪੱਗਾਂ, ਕਪੜਿਆਂ ’ਤੇ ਸਿੱਖ ਧਰਮ ਦੇ ਸਤਿਕਾਰ ਦੇ ਨਿਸ਼ਾਨ ਪਹਿਨਦੇ ਹਨ ਅਤੇ ਇੱਥੋਂ ਤਕ ਕਿ ਟੈਟੂ ਬਣਵਾਉਂਦੇ ਹਨ। ਮੈਂ ਵੀ ਇੱਕ ਨਿਮਰ ਸਿੱਖ ਵਾਂਗ ਅਣਜਾਣੇ ਵਿੱਚ ਲੋਈ ਦੀ ਬੁੱਕਲ ਮਾਰੀ ਸੀ।’