ਨਿਹਾਲ ਸਿੰਘ ਵਾਲਾ:ਯੂਪੀ ਦੇ ਗੌਂਡਾ ਵਿੱਚ ਟਰੈਡੀਸ਼ਨਲ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ (ਮਿੱਟੀ ਵਾਲੀ ਕੁਸ਼ਤੀ) ਦੌਰਾਨ ਪਿੰਡ ਧੂੜਕੋਟ ਰਣਸੀਂਹ (ਨਿਹਾਲ ਸਿੰਘ ਵਾਲਾ) ਦੀ ਨਵਜੋਤ ਕੌਰ ਨੇ ਪੰਜਾਬ ਲਈ ਸੋਨ ਤਗ਼ਮਾ ਜਿੱਤ ਕੇ ਵੱਡੀ ਮੱਲ ਮਾਰੀ ਹੈ। ਨਵਜੌਤ ਕੌਰ ਨੇ 76 ਕਿਲੋ ਭਾਰ ਵਰਗ ਦੀ ਕੁਸ਼ਤੀ ਵਿੱਚ ਹਰਿਆਣਾ ਦੀ ਪਹਿਲਵਾਨ ਨੂੰ ਚਿੱਤ ਕਰ ਕੇ ਕੌਮੀ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਖਿਡਾਰਨ ਨੇ ਕਿਹਾ ਕਿ ਉਹ ਕੌਮਾਂਤਰੀ ਪੱਧਰ ’ਤੇ ਭਾਰਤ ਲਈ ਵੀ ਸੋਨ ਤਗ਼ਮਾ ਜਿੱਤ ਕੇ ਮੁੜੇਗੀ। ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਦੇ ਕੋਚ ਹਰਭਜਨ ਸਿੰਘ ਭਜੀ, ਸਰਪੰਚ ਨਰਿੰਦਰ ਸਿੰਘ, ਡਾ. ਹਰਗੁਰਪ੍ਰਤਾਪ ਸਿੰਘ, ਜੈਲਾ ਧੂੜਕੋਟ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧੂੜਕੋਟ ਤੇ ਸਮੂਹ ਪਿੰਡ ਵਾਸੀਆਂ ਨੇ ਨਵਜੋਤ ਦੇ ਪਿੰਡ ਧੂੜਕੋਟ ਰਣਸੀਂਹ ਵਿੱਚ ਉਸ ਦੇ ਪਿਤਾ ਛਿੰਦਰ ਸਿੰਘ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।