ਹੁਸ਼ਿਆਰਪੁਰ, 14 ਜੂਨ
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਅੱਜ ਇੱਥੇ ਕੇਂਦਰ ਵਿੱਚ ਪਾਰਟੀ ਦੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ ’ਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਮੋਦੀ ਸਰਕਾਰ ਨੇ ਨੌਂ ਸਾਲਾਂ ’ਚ ਜੋ ਵਿਕਾਸ ਦੇ ਕੰਮ ਕੀਤੇ ਹਨ ਉਹ ਪਿਛਲੇ 70 ਸਾਲਾਂ ਵਿਚ ਵੀ ਨਹੀਂ ਹੋਏ ਸਨ। ਨੱਢਾ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਤਾਂ ਕੰਮ ਕਰਨ ਦੀ ਸ਼ੈਲੀ ਹੀ ਬਦਲ ਗਈ ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
ਸ੍ਰੀ ਨੱਢਾ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਪੂਰੇ ਵਿਸ਼ਵ ਵਿਚ ਭਾਰਤ ਦਾ ਅਕਸ ਬਣਾਉਣ ਵਿਚ ਲੱਗੇ ਹੋਏ ਹਨ, ਉੱਥੇ ਕਾਂਗਰਸੀ ਆਗੂ ਰਾਹੁਲ ਗਾਂਧੀ ਇਸ ਦਾ ਅਕਸ ਵਿਗਾੜ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਿਦੇਸ਼ਾਂ ਵਿਚ ਜਾ ਕੇ ਭਾਰਤ ਵਿਚ ਲੋਕਤੰਤਰ ਨੂੰ ਖਤਰਾ ਹੋਣ ਦੀ ਦੁਹਾਈ ਦਿੰਦੇ ਹਨ ਪਰ ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਗਾ ਕੇ ਲੋਕਤੰਤਰ ਦਾ ਗਲਾ ਘੁੱਟਿਆ ਸੀ। ਨੱਢਾ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਇਕ ਲੱਖ ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਬਦੌਲਤ ਅੱਜ ਹਿੰਦੁਸਤਾਨ ਵਿਸ਼ਵ ਦੀ ਪੰਜਵੀਂ ਸਭ ਤੋਂ ਤਕੜੀ ਅਰਥ ਵਿਵਸਥਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਦੁਨੀਆਂ ਭਰ ਦੇ ਦੇਸ਼ਾਂ ਨਾਲ ਰਿਸ਼ਤਾ ਬਣਾਇਆ ਅਤੇ ਅੱਜ ਭਾਰਤ ਦੁਨੀਆਂ ਨੂੰ ਦਿਸ਼ਾ ਦੇਣ ਦੀ ਤਾਕਤ ਰੱਖਦਾ ਹੈ। ਉਨ੍ਹਾਂ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾਉਣ ਅਤੇ ਰਾਮ ਜਨਮ ਭੂਮੀ ਦਾ ਮਸਲਾ ਹੱਲ ਕਰਨ ਨੂੰ ਵੀ ਭਾਰਤ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਪਹੁੰਚਾਇਆ, ਕਰਤਾਰਪੁਰ ਲਾਂਘਾ ਚਾਲੂ ਕੀਤਾ, ਬੇਗੁਨਾਹਾਂ ਦੇ ਨਾਂ ਕਾਲੀ ਸੂਚੀ ’ਚੋਂ ਹਟਾਏ ਅਤੇ ਲੰਗਰ ਤੋਂ ਜੀਐਸਟੀ ਹਟਾਇਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਬਦਲ ਰਿਹਾ ਹੈ ਅਤੇ ਪੰਜਾਬ ਵਾਸੀਆਂ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਉਮੀਦਾਂ ਹਨ। ਕੇਂਦਰੀ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਸਰਕਾਰ ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਵਿਚ ਸੜਕਾਂ ਦੇ ਨਿਰਮਾਣ, ਰੇਲਵੇ ਦੇ ਵਿਸਥਾਰ ਅਤੇ ਮੈਡੀਕਲ ਕਾਲਜ ਬਣਾਉਣ ’ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਰੈਲੀ ਵਿਚ ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਇਲਾਵਾ ਸੀਨੀਅਰ ਆਗੂ ਨਰਿੰਦਰ ਰੈਣਾ, ਸੁਭਾਸ਼ ਬਰਾਲਾ, ਅਵਿਨਾਸ਼ ਰਾਏ ਖੰਨਾ, ਸੁਨੀਲ ਜਾਖੜ, ਜੰਗੀ ਲਾਲ ਮਹਾਜਨ, ਮਨੋਰੰਜਨ ਕਾਲੀਆ, ਮਨਪ੍ਰੀਤ ਸਿੰਘ ਬਾਦਲ ਆਦਿ ਆਗੂ ਹਾਜ਼ਰ ਸਨ।