ਅੰਮ੍ਰਿਤਸਰ ਦੇ ਐੱਸ. ਡੀ. ਐੱਮ.-1 ਦਫਤਰ ਵਿਚ ਅਧਿਕਾਰੀ ਉਸ ਸਮੇਂ ਹਫੜਾ-ਦਫੜੀ ਵਿਚ ਮਚ ਗਈ, ਜਦੋਂ ਪਾਰਟੀ ਤੋਂ ਨਾਰਾਜ਼ ਇਕ ਮਹਿਲਾ ਵਰਕਰ ਚੋਣਾਂ ਲਈ ਆਪਣੇ ਕੁੱਤੇ ਦੀ ਨਾਮਜ਼ਦਗੀ ਭਰਨ ਆਈ। ਜਦੋਂ ਪੱਤਰਕਾਰਾਂ ਨੇ ਕਾਂਗਰਸੀ ਵਰਕਰ ਮਹਿਕ ਰਾਜਪੂਤ ਨੂੰ ਆਪਣੇ ਕੁੱਤੇ ਨਾਲ ਦੇਖ ਕੇ ਘੇਰ ਲਿਆ ਤਾਂ ਉਸ ਨੇ ਕਿਹਾ ਕਿ ਉਸ ਦਾ ਕੁੱਤਾ ਵਫ਼ਾਦਾਰੀ ਦਾ ਪ੍ਰਤੀਕ ਹੈ ਅਤੇ ਇਹ ਉਸ ਦੇ ਵਾਰਡ ਵਿਚ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗਾ। ਜੇਕਰ ਪ੍ਰਸ਼ਾਸਨ ਨੇ ਉਸ ਦੇ ਕੁੱਤੇ ਦੀ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ।
ਮਹਿਕ ਰਾਜਪੂਤ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਹੈ। ਉਹ ਵਾਰਡ-38 ਤੋਂ ਟਿਕਟ ਦੀ ਮੰਗ ਕਰ ਰਹੀ ਸੀ, ਜਦੋਂ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦਿੱਤੀ ਤਾਂ ਉਸ ਨੇ ਆਪਣੇ ਵਫ਼ਾਦਾਰ ਕੁੱਤੇ ਨੂੰ ਚੋਣ ਲੜਨ ਦੇਣ ਦਾ ਫੈਸਲਾ ਕੀਤਾ। ਮਹਿਕ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਤੋਂ ਇਸ ਲਈ ਨਾਰਾਜ਼ ਹੈ ਕਿਉਂਕਿ ਪਾਰਟੀ ਨੇ ਉਸ ਦੇ ਕੰਮ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼ ਕਰ ਕੇ ਕਿਸੇ ਹੋਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਇਹ ਕਦਮ ਉਸ ਦੇ ਗੁੱਸੇ ਅਤੇ ਆਪਣੇ ਵਾਰਡ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।
ਮਹਿਕ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਚੋਣ ਪ੍ਰਕਿਰਿਆ ’ਚ ਜਾਨਵਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਉਹ ਚਾਹੁੰਦੀ ਹੈ ਕਿ ਪ੍ਰਸ਼ਾਸਨ ਉਸ ਦੇ ਕੁੱਤੇ ਦੀ ਨਾਮਜ਼ਦਗੀ ਸਵੀਕਾਰ ਕਰੇ। ਉਨ੍ਹਾਂ ਆਪਣੇ ਕੁੱਤੇ ਜਿੰਮੀ ਨੂੰ ਪ੍ਰਮੋਟ ਕਰਨ ਲਈ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਪੋਸਟ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ।