ਚੰਡੀਗੜ੍ਹ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਇਸ ਵਾਰ ਨਕਲ ਕਰਵਾਉਣ ਵਾਲਿਆਂ ਨੂੰ ਵੀ ਹਵਾਲਾਤ ਦੀ ਹਵਾ ਖਾਣੀ ਪਏਗੀ। ਪ੍ਰੀਖਿਆ ਕੇਂਦਰ ਲਈ ਬੋਰਡ ਨੂੰ ਆਪਣੀ ਇਮਾਰਤ ਦੇਣ ਤੋਂ ਇਨਕਾਰ ਕਰਨ ਵਾਲੇ ਨਿੱਜੀ ਸਕੂਲਾਂ ਦੀ ਮਾਨਤਾ ਰੱਦ ਹੋਵੇਗੀ। ਸਕੂਲ ਸਿੱਖਿਆ ਦੇ ਸਕੱਤਰ ਅਤੇ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਅੱਜ ਬੋਰਡ ਦੀ ਸਕੱਤਰ ਹਰਗੁਨਜੀਤ ਕੌਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਕਲ ਦੇ ਮਾਮਲੇ ਵਿੱਚ ਕਈ ਸਖ਼ਤ ਫ਼ੈਸਲੇ ਲਏ ਹਨ। ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ 2800 ਦੇ ਕਰੀਬ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪ੍ਰੀਖਿਆਵਾਂ ਦੌਰਾਨ ਧਾਰਾ 144 ਲਾ ਕੇ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਨਕਲ ਕਰਵਾਉਣ ਵਾਲੇ ਅਨਸਰਾਂ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਕਲ ਦੇ ਮਾਮਲਿਆਂ ’ਚ ਖੁਦ ਪੁਲੀਸ ਕੋਲ ਕੇਸ ਦਰਜ ਕਰਵਾਉਣ ਲਈ ਕਿਹਾ ਹੈ। ਇਸ ਵਾਰ ਆਪਣੇ ਹੀ ਸਕੂਲਾਂ ਵਿੱਚ ਪ੍ਰੀਖਿਆ ਦੇਣ ਦੀ ਪ੍ਰਥਾ ਖ਼ਤਮ ਕਰਕੇ 3 ਕਿਲੋਮੀਟਰ ਦੇ ਘੇਰੇ ਵਿੱਚ ਬਦਲਵੇਂ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜੇ ਕੋਈ ਨਿੱਜੀ ਸਕੂਲ ਬੋਰਡ ਨੂੰ ਪ੍ਰੀਖਿਆ ਕੇਂਦਰ ਲਈ ਆਪਣੀ ਇਮਾਰਤ ਦੇਣ ਤੋਂ ਇਨਕਾਰ ਕਰਦਾ ਹੈ ਅਤੇ ਜਿਸ ’ਚ ਨਕਲ ਹੁੰਦੀ ਮਿਲੀ ਤਾਂ ਉਸ ਦੀ ਮਾਨਤਾ ਵੀ ਰੱਦ ਕੀਤੀ ਜਾਵੇਗੀ। ਸ੍ਰੀ ਕ੍ਰਿਸ਼ਨ ਕੁਮਾਰ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਵਿਦਿਆਰਥੀਆਂ ਵਿਰੁੱਧ ਹੀ ਨਕਲ ਦਾ ਕੇਸ ਬਣਦਾ ਸੀ ਪਰ ਹੁਣ ਨਕਲ ਕਰਵਾਉਣ ਵਾਲੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਨਕਲ ਕਰਵਾਉਂਦੇ ਫੜੇ ਗਏ ਸਕੂਲ ਮੁਖੀ ਅਤੇ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਦੋਵਾਂ ਉਪਰ ਵੀ ਪਰਚੇ ਦਰਜ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਮੂਹ ਸਕੂਲਾਂ ਵਿੱਚ ਇਕ-ਇਕ ਆਬਜ਼ਰਵਰ ਪੱਕੇ ਤੌਰ ’ਤੇ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਰੇਕ 10 ਸਕੂਲਾਂ ਲਈ ਇਕ-ਇਕ ਉੱਡਣ ਦਸਤਾ (ਫਲਾਇੰਗ ਸਕੁਐਡ) ਬਣਾਉਣ ਦੀ ਰਣਨੀਤੀ ਵੀ ਬਣਾਈ ਗਈ ਹੈ। ਸਰਕਾਰ ਨੇ ਉੱਤਰ ਕਾਪੀਆਂ ਦੇ ਕੁਲੈਕਸ਼ਨ ਸੈਂਟਰਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦਾ ਫ਼ੈਸਲਾ ਵੀ ਕੀਤਾ ਹੈ। ਸਕੱਤਰ ਸਿੱਖਿਆ ਨੇ ਪ੍ਰੀਖਿਆ ਦੌਰਾਨ ਸਿੱਖਿਆ ਬੋਰਡ ਦੇ ਸਮੂਹ ਅਧਿਕਾਰੀਆਂ ਦੀਆਂ ਫੀਲਡ ਵਿੱਚ ਡਿਊਟੀਆਂ ਲਾਉਣ ਦੇ ਆਦੇਸ਼ ਵੀ ਦਿੱਤੇ ਹਨ। ਮੀਟਿੰਗ ਦੌਰਾਨ ਨਤੀਜੇ ਰਿਕਾਰਡ ਸਮੇਂ ਅੰਦਰ ਕੱਢਣ ਉਪਰ ਵੀ ਗੰਭੀਰ ਵਿਚਾਰਾਂ ਹੋਈਆਂ। ਪੇਪਰ ਚੈੱਕ ਅਤੇ ਨਤੀਜੇ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਨਾਲ ਹਾਈਟੈੱਕ ਬਣਾਇਆ ਗਿਆ ਹੈ। ਨਤੀਜੇ ਛੇਤੀ ਕੱਢਣ ਲਈ ਇਕ ਵਿਸ਼ੇਸ਼ ਕੰਪਿਊਟਰ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਜਿਸ ਲਈ ਮੋਬਾਈਲ ਐਪ ਬਣਾਈ ਗਈ ਹੈ। ਇਸ ਵਾਰ ਕਾਗਜ਼ਾਂ ਦੇ ਥੱਬਿਆਂ ਦੀ ਥਾਂ ’ਤੇ ਆਧੁਨਿਕ ਤਕਨੀਕ ਨਾਲ ਨਤੀਜਿਆਂ ਦੇ ਅੰਕੜੇ ਤਿਆਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲਾਂ ਦੇ ਉਲਟ ਕੁਝ ਚੋਣਵੇਂ ਅਧਿਆਪਕਾਂ ਦੀ ਥਾਂ ’ਤੇ ਸਮੂਹ ਅਧਿਆਪਕ ਪੇਪਰਾਂ ਦੀ ਮਾਰਕਿੰਗ ਕਰਨਗੇ। ਇਸ ਨਾਲ ਪੇਪਰ ਚੈੱਕ ਕਰਨ ਦੀ ਪ੍ਰਕਿਰਿਆ ਛੇਤੀ ਨਿਪਟਣ ਦੇ ਆਸਾਰ ਹਨ। ਪੇਪਰ ਚੈੱਕ ਕਰਨ ਵਾਲੇ ਅਧਿਆਪਕ ਹਰੇਕ ਵਿਦਿਆਰਥੀ ਦੇ ਵੱਖ-ਵੱਖ ਵਿਸ਼ਿਆਂ ਦੇ ਨੰਬਰ ਆਪਣੇ ਮੋਬਾਈਲ ਫੋਨ ਰਾਹੀਂ ਨਾਲੋਂ ਨਾਲ ਹੀ ਸਿੱਖਿਆ ਬੋਰਡ ਵੱਲੋਂ ਬਣਾਈ ਮੋਬਾਈਲ ਐਪ ਉਪਰ ਅਪਲੋਡ ਕਰਨਗੇ।