ਜੈਪੁਰ, 12 ਅਪਰੈਲ
ਚੇਨੱਈ ਸੁਪਰ ਕਿੰਗਜ਼ ਨੇ ਆਈਪੀਐਲ ਦੇ ਇਕ ਦਿਲਚਸਪ ਮੁਕਾਬਲੇ ’ਚ ਰਾਜਸਥਾਨ ਰਾਇਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਚੇਨੱਈ ਦੀ ਸੱਤ ਮੈਚਾਂ ’ਚ ਇਹ ਛੇਵੀਂ ਜਿੱਤ ਰਹੀ। ਚੇਨੱਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ 58 ਦੌੜਾਂ ਸਦਕਾ ਟੀਮ ਨੂੰ ਜਿੱਤ ਨਸੀਬ ਹੋਈ। ਰਾਜਸਥਾਨ ਨੇ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ ਸੀ। ਮੈਚ ਦਾ ਰੋਮਾਂਚ ਆਖਰੀ ਗੇਂਦ ਤਕ ਬਣਿਆ ਰਿਹਾ ਅਤੇ ਜਿੱਤ ਲਈ ਤਿੰਨ ਦੌੜਾਂ ਲੋੜੀਂਦੀਆਂ ਸਨ ਜੋ ਸੈਂਟਨਰ ਨੇ ਛੱਕਾ ਮਾਰ ਕੇ ਪੂਰੀਆਂ ਕਰ ਦਿੱਤੀਆਂ। ਚੇਨੱਈ ਟੀਮ ਦੇ ਅੰਬਾਤੀ ਰਾਇਡੂ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਦੇ ਗੇਂਦਬਾਜ਼ਾਂ ਨੇ ਚੇਨੱਈ ਦੇ ਬੱਲੇਬਾਜ਼ਾਂ ਨੂੰ ਸ਼ੁਰੂਆਤ ’ਚ ਜਲਦੀ ਆਊਟ ਕਰ ਦਿੱਤਾ ਸੀ ਪਰ ਕਪਤਾਨ ਧੋਨੀ ਇਕ ਵਾਰ ਫਿਰ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ। ਇਸ ਤੋਂ ਪਹਿਲਾਂ ਚੇਨੱਈ ਦੇ ਗੇਂਦਬਾਜ਼ਾਂ ਦੀਪਕ ਚਹਾਰ, ਸ਼ਰਦੁਲ ਠਾਕੁਰ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲੈ ਕੇ ਰਾਜਸਥਾਨ ਰਾਇਲਜ਼ ਨੂੰ 20 ਓਵਰਾਂ ’ਚ 7 ਵਿਕਟਾਂ ’ਤੇ 151 ਦੌੜਾਂ ਉਪਰ ਰੋਕ ਦਿੱਤਾ ਸੀ।