ਨਵੀਂ ਦਿੱਲੀ, 3 ਨਵੰਬਰ
ਆਸਟਰੇਲੀਆ ਦੇ ਮਹਾਨ ਕ੍ਰਿਕਟਰ ਐਡਮ ਗਿਲਕ੍ਰਿਸਟ ਨੂੰ ਲੱਗਦਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਮੌਜੂਦਗੀ ਨਾਲ ਭਾਰਤੀ ਕ੍ਰਿਕਟ ਟੀਮ ਨੂੰ ਬਹੁਤ ਫਾਇਦਾ ਹੁੰਦਾ ਤੇ ਸਾਬਕਾ ਭਾਰਤੀ ਕਪਤਾਨ ਦੇ ਤਜਰਬੇ ਨੂੰ ਘੱਟ ਕਰਕੇ ਨਹੀਂ ਦੇਖਣਾ ਚਾਹੀਦਾ। ਗਿਲਕ੍ਰਿਸਟ ਨੇ ਇੱਥੇ ਇੱਕ ਸਮਾਗਮ ਮੌਕੇ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਰਤੀ ਟੀਮ ਜਿੰਨਾ ਸੋਚਦੀ ਹੈ, ਉਸ ਤੋਂ ਜ਼ਿਆਦਾ ਫਾਇਦਾ ਧੋਨੀ ਦੇ ਤਜਰਬੇ ਤੇ ਉਸ ਦੇ ਨੇੜੇ-ਤੇੜੇ ਰਹਿਣ ਨਾਲ ਮਿਲਦਾ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਉਸ ਦੇ ਨੇੜਲੇ ਲੋਕ ਡਰੈਸਿੰਗ ਰੂਮ ’ਚ ਉਸ ਦੇ ਤਜਰਬੇ ਤੇ ਉਸ ਦੇ ਸ਼ਾਂਤ ਰਹਿਣ ਨੂੰ ਘੱਟ ਕਰਕੇ ਦੇਖਦੇ ਹਨ।’ ਵਿਕਟ ਕੀਪਰ ਬੱਲਬਾਜ਼ੀ ਨੂੰ ਨਵਾਂ ਰੂਪ ਦੇਣ ਵਾਲੇ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਧੋਨੀ ਹੁਣ ਵੀ ਤੀਜੇ ਤੋਂ ਲੈ ਕੇ ਸੱਤਵੇਂ ਤੱਕ ਕਿਸੇ ਵੀ ਨੰਬਰ ’ਤੇ ਚੰਗੀ ਬੱਲੇਬਾਜ਼ੀ ਕਰ ਸਕਦਾ ਹੈ। ਇਸੇ ਦੌਰਾਨ ਮਹਾਨ ਅਮਰੀਕੀ ਦੌੜਾਕ ਮਾਈਕਲ ਜੌਹਨਸਨ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਵੇਨ ਵਾਨ ਨੀਕਰਕ ਭਾਵੇਂ ਅਥਲੈਟਿਕਸ ਦੀ ਦੁਨੀਆਂ ’ਚ ਤੇਜ਼ੀ ਨਾਲ ਉਭਰਿਆ ਹੈ, ਪਰ ਉਹ ਉਸੈਨ ਬੋਲਟ ਦੀ ਹਰਮਨਪਿਆਰਤਾ ਦੀ ਬਰਾਬਰੀ ਨਹੀਂ ਕਰ ਸਕਦਾ।