ਮੁੰਬਈ,ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਆਪਣੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਧੁੱਪ ਦਾ ਆਨੰਦ ਮਾਣਦੀ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। ਆਲੀਆ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ‘ਸਨਸ਼ਾਈਨ’ ਲਿਖਿਆ, ਜਿਸ ਵਿੱਚ ਉਦੇ ਹੱਥ ਦੇ ਉੱਪਰ ਇੱਕ ਛੋਟੀ ਜਿਹੀ ਬਿੱਲੀ ਦਾ ਕਾਰਟੂਨ ਵੀ ਬਣਿਆ ਹੋਇਆ ਹੈ। ਤਸਵੀਰ ’ਤੇ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਕੁਮੈਂਟ ਕਰਦਿਆਂ ‘ਹੈਲੋ ਸਨਸ਼ਾਈਨ’ ਲਿਖਿਆ। ਇਸ ਦੇ ਨਾਲ ਹੀ ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਿਅਪ ਨੇ ਵੀ ਤਸਵੀਰ ਦੇ ਹੇਠਾਂ ਇੱਕ ਦਿਲ ਵਾਲੀ ਇਮੋਜ਼ੀ ਪੋਸਟ ਕੀਤੀ ਹੈ।
ਤਸਵੀਰ ਦੇਖ ਕੇ ਲੱਗਦਾ ਹੈ ਕਿ ਆਲੀਆ ਦੀ ਖ਼ੁਸ਼ੀ ਦੇ ਕਈ ਕਾਰਨ ਹਨ। ਹਾਲ ਹੀ ਵਿੱਚ ਉਸ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਨਾ ਸਿਰਫ਼ ਦਰਸ਼ਕਾਂ ਬਲਕਿ ਬੌਲੀਵੁੱਡ ਦੀਆਂ ਕਈ ਨਾਮਵਾਰ ਹਸਤੀਆਂ ਵੱਲੋਂ ਵੀ ਖੂਬ ਸਰਾਹਿਆ ਗਿਆ। ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ, ਅਕਸ਼ੈ ਕੁਮਾਰ, ਰਣਵੀਰ ਸਿੰਘ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਆਲੀਆ ਦੇ ਕੰਮ ਦੀ ਤਾਰੀਫ਼ ਕੀਤੀ। ਇਹ ਫ਼ਿਲਮ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫ਼ਿਲਮ ਦੀ ਕਹਾਣੀ ਗੰਗੂਬਾਈ ਕੋਠੇਵਾਲੀ ਦੇ ਜੀਵਨ ਦੁਆਲੇ ਘੁੰਮਦੀ ਹੈ। ਇਹ ਫ਼ਿਲਮ ਹੁਸੈਨ ਜ਼ੈਦੀ ਦੀ ਪੁਸਤਕ ‘ਮਾਫ਼ੀਆ ਕੁੁਈਨਜ਼ ਆਫ ਮੁੰਬਈ’ ਦੇ ਇੱਕ ਚੈਪਟਰ ’ਤੇ ਆਧਾਰਤ ਹੈ ਅਤੇ 30 ਜੁਲਾਈ ਨੂੰ ਸਕਰੀਨ ’ਤੇ ਆਪਣੀ ਕਹਾਣੀ ਬਿਆਨੇਗੀ।