ਅਹਿਮਦਾਬਾਦ, 9 ਮਾਰਚ
ਹਰਫ਼ਨਮੌਲਾ ਹਾਰਦਿਕ ਪਾਂਡਿਆ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਮਗਰੋਂ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ-ਰੋਜ਼ਾ ਲੜੀ ਲਈ ਅੱਜ ਚੁਣੀ ਗਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਚੋਣ ਕਮੇਟੀ ਦੇ ਨਵੇਂ ਚੇਅਰਮੈਨ ਸੁਨੀਲ ਜੋਸ਼ੀ ਦੀ ਅਗਵਾਈ ਹੇਠ ਪਹਿਲੀ ਵਾਰ ਟੀਮ ਚੁਣੀ ਗਈ। ਟੀਮ ਵਿੱਚ ਕੇਦਾਰ ਜਾਧਵ ਦੀ ਥਾਂ ਸ਼ੁਭਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਜਾਧਵ ਦੀ ਹੁਣ ਟੀਮ ’ਚ ਵਾਪਸੀ ਮੁਸ਼ਕਲ ਹੋਵੇਗੀ। ਉਪ ਕਪਤਾਨ ਰੋਹਿਤ ਸ਼ਰਮਾ ਸੱਟ ਤੋਂ ਹਾਲੇ ਉਭਰ ਨਹੀਂ ਸਕਿਆ। ਉਮੀਦ ਹੈ ਕਿ 29 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਉਹ ਵਾਪਸੀ ਕਰੇਗਾ।
ਧਵਨ ਦੀ ਟੀਮ ਵਿੱਚ ਵਾਪਸੀ ਨਾਲ ਮਯੰਕ ਅਗਰਵਾਲ ਨੂੰ ਬਾਹਰ ਹੋਣਾ ਪਿਆ, ਜੋ ਨਿਊਜ਼ੀਲੈਂਡ ਦੌਰੇ ’ਤੇ ਮਿਲੇ ਮੌਕਿਆਂ ਦਾ ਲਾਹਾ ਨਹੀਂ ਲੈ ਸਕਿਆ। ਚੋਣਕਾਰਾਂ ਨੇ ਪ੍ਰਿਥਵੀ ਸ਼ਾਅ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਨਿਊਜ਼ੀਲੈਂਡ ਖ਼ਿਲਾਫ਼ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ ਰਹੇ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਅਤੇ ਹਰਫ਼ਨਮੌਲਾ ਸ਼ਿਵਮ ਦੂਬੇ ਨੂੰ ਵੀ ਖ਼ਰਾਬ ਪ੍ਰਦਰਸ਼ਨ ਕਾਰਨ ਥਾਂ ਗੁਆਉਣੀ ਪਈ। ਹੁਣ ਉਨ੍ਹਾਂ ਦੀ ਥਾਂ ਭੁਬਨੇਸ਼ਵਰ ਅਤੇ ਪਾਂਡਿਆ ਖੇਡਣਗੇ।
ਪਿੱਠ ਦੀ ਸਰਜਰੀ ਮਗਰੋਂ ਵਾਪਸੀ ਕਰਨ ਵਾਲੇ ਪਾਂਡਿਆ ਨੇ ਡੀਵਾਈ ਪਾਟਿਲ ਟੀ-20 ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਮੈਨੇਜਮੈਂਟ ਨੂੰ ਉਸ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਸੀ। ਧਵਨ ਜਨਵਰੀ ਮਹੀਨੇ ਆਸਟਰੇਲੀਆ ਖ਼ਿਲਾਫ਼ ਘਰੇਲੂ ਇੱਕ ਰੋਜ਼ਾ ਲੜੀ ਦੌਰਾਨ ਜ਼ਖਮੀ ਹੋ ਗਿਆ ਸੀ, ਜਦਕਿ ਭੁਬਨੇਸ਼ਵਰ ਦਾ ਹਰਨੀਆ ਦਾ ਆਪ੍ਰੇਸ਼ਨ ਹੋਇਆ ਸੀ। ਉਸ ਨੇ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) ਵਿੱਚ ਆਪਣਾ ਰਿਹੈਬਲਿਟੇਸ਼ਨ ਪੂਰਾ ਕੀਤਾ ਹੈ।
ਪਾਂਡਿਆ ਦੀ ਵਾਪਸੀ ਨਾਲ ਟੀਮ ਨੂੰ ਸੁੱਖ ਦਾ ਸਾਹ ਆਇਆ ਹੈ, ਜਿਸਨੇ ਆਪਣਾ ਆਖ਼ਰੀ ਇੱਕ ਰੋਜ਼ਾ ਮੈਚ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ। ਹਾਲਾਂਕਿ ਉਸ ਦਾ ਪਿਛਲਾ ਕੌਮਾਂਤਰੀ ਮੁਕਾਬਲਾ ਸਤੰਬਰ ਵਿੱਚ ਬੰਗਲੌਰ ’ਚ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਮੈਚ ਸੀ। ਡੀ ਵਾਈ ਪਾਟਿਲ ਕਾਰਪੋਰੇਟ ਟੂਰਨਾਮੈਂਟ ਵਿੱਚ ਉਸ ਦੇ ਪ੍ਰਦਰਸ਼ਨ ਤੋਂ ਜ਼ਿਆਦਾ ਉਸ ਦੀ ਫਿਟਨੈੱਸ ’ਤੇ ਧਿਆਨ ਕੇਂਦਰਿਤ ਸੀ। ਜਾਧਵ ਦੀ ਉਮਰ 35ਵੇਂ ਸਾਲ ਨੂੰ ਢੁਕਣ ਵਾਲੀ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਇੱਕ ਰੋਜ਼ਾ ਮੈਚਾਂ ਵਿੱਚ ਗੇਂਦਬਾਜ਼ੀ ਵੀ ਨਹੀਂ ਕਰ ਰਿਹਾ। ਉਹ ਛੇਵੇਂ ਕ੍ਰਮ ਵਿੱਚ ਬੱਲੇ ਨਾਲ ਵੀ ਯੋਗਦਾਨ ਨਹੀਂ ਪਾ ਰਿਹਾ, ਜੋ ਉਸ ਦੀ ਟੀਮ ’ਚੋਂ ਬਾਹਰ ਹੋਣ ਦੀ ਵਜ੍ਹਾ ਬਣਿਆ। ਇੱਕ ਰੋਜ਼ਾ ਮੈਚਾਂ ਦੇ ਇਸ ਮਾਹਿਰ ਖਿਡਾਰੀ ਲਈ ਟੀਮ ਦੇ ਦਰਵਾਜ਼ੇ ਲਗਪਗ ਬੰਦ ਹੋ ਗਏ ਹਨ।
ਸ਼ਰਦੁਲ ਨੇ ਹੇਠਲੇ ਕ੍ਰਮ ਵਿੱਚ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਟੀ-20 ਅਤੇ ਇੱਕ ਰੋਜ਼ਾ ਵਿੱਚ ਗੇਂਦਬਾਜ਼ੀ ਕਰਦਿਆਂ ਕਾਫ਼ੀ ਦੌੜਾਂ ਵੀ ਦਿੱਤੀਆਂ। ਇਸ ਲਈ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੌਰੇ ’ਤੇ ਭੁਵਨੇਸ਼ਵਰ ਦੀ ਸਵਿੰਗ ਅਤੇ ਸੀਮ ਗੇਂਦਬਾਜ਼ੀ ਦੀ ਘਾਟ ਕਾਫ਼ੀ ਰੜਕੀ ਸੀ। ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ, ਪਰ ਖ਼ਰਾਬ ਲੈਅ ਨਾਲ ਜੂਝ ਰਹੇ ਜਸਪ੍ਰੀਤ ਬੁਮਰਾਹ ਨੂੰ ਰਾਹਤ ਦਿੱਤੀ ਗਈ। ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਦੇ ਮੁਕਾਬਲੇ ਧਰਮਸ਼ਾਲਾ (12 ਮਾਰਚ), ਲਖਨਊ (15 ਮਾਰਚ) ਅਤੇ ਕੋਲਕਾਤਾ (18 ਮਾਰਚ) ਵਿੱਚ ਖੇਡੇ ਜਾਣਗੇ।