-ਅਕਾਲੀ ਦਲ ਕੈਪਟਨ ਸਰਕਾਰ ਦਾ ਵਿਰੋਧ ਕਰਨ ਦੀ ਥਾ ਆਪਣੇ ਕੀਤੇ ਦਾ ਪਛਤਾਵਾ ਕਰਕੇ ਲੋਕਾਂ ਕੋਲੋਂ ਮੁਆਫ਼ੀ ਮੰਗੇ-ਧਰਮਸੋਤ
-ਕੈਪਟਨ ਨੂੰ ਪੰਜਾਬ ਦੀ ਫ਼ਿਕਰ, ਮੋਦੀ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ-ਧਰਮਸੋਤ
ਪਟਿਆਲਾ, 31 ਜੁਲਾਈ:
ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਕਰਕੇ ਮਾਲੀਆ ਘੱਟਣ ਅਤੇ ਖ਼ਰਚੇ ਵਧਣ ਦੇ ਬਾਵਜੂਦ ਰਾਜ ਅੰਦਰ ਵਿਕਾਸ ਕਾਰਜ ਜਾਰੀ ਹਨ। ਸ. ਧਰਮਸੋਤ ਅੱਜ ਨਾਭਾ ਵਿਖੇ 17 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ 12 ਐਮ.ਐਲ.ਡੀ. ਸਮਰੱਥਾ ਦੇ ਸੀਵੇਜ਼ ਟਰੀਟਮੈਂਟ ਪਲਾਂਟ ਅਤੇ ਮੇਨ ਪੰਪਿੰਗ ਸਟੇਸ਼ਨ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦਾ ਕੰਮ 15 ਮਹੀਨਿਆਂ ‘ਚ ਪੂਰਾ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਸ. ਧਰਮਸੋਤ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਆਪਣਾ ਵਜੂਦ ਗਵਾ ਚੁੱਕੇ ਅਕਾਲੀ ਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦਾ ਵਿਰੋਧ ਛੱਡਕੇ ਆਪਣੇ ਕੀਤੇ ਦਾ ਪਛਤਾਵਾ ਕਰਦਿਆਂ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੀ ਰਾਖੀ ਲਈ ਆਪਣੀ ਕੁਰਸੀ ਵੀ ਦਾਅ ‘ਤੇ ਲਗਾ ਦਿੱਤੀ ਸੀ ਅਤੇ ਹੁਣ ਇਸ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਚੁੱਕੇ ਕਦਮਾਂ ਕਰਕੇ ਕੈਪਟਨ ਦੀ ਅਗਵਾਈ ਹੇਠ ਪੰਜਾਬ, ਹਿੰਦੁਸਤਾਨ ਅਤੇ ਦੁਨੀਆਂ ਲਈ ਇੱਕ ਮਿਸਾਲ ਬਣਿਆਂ ਹੈ।
ਸ. ਧਰਮਸੋਤ ਨੇ ਕਿਹਾ ਕਿ ਨਾਭਾ ਦੇ ਵਿਕਾਸ ਨੂੰ ਪਿਛਲੀਆਂ ਦੋ ਸਰਕਾਰਾਂ ਨੇ ਅੱਖੋਂ ਪਰੋਖੇ ਕੀਤਾ ਪਰੰਤੂ ਹੁਣ ਅਜਿਹਾ ਨਹੀਂ ਸਗੋਂ ਕੈਪਟਨ ਸਰਕਾਰ ਨੇ ਨਾਭਾ ਦੇ ਵਿਕਾਸ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ ਨਾਭਾ ਸ਼ਹਿਰ ਦੀਆਂ ਅਗਲੇ 15 ਸਾਲਾਂ ਦੀਆਂ ਜਰੂਰਤਾਂ ਦੇ ਮੱਦੇਨਜ਼ਰ ਲੱਗਣ ਵਾਲੇ ਇਸ ਸੀਵੇਜ਼ ਟਰੀਟਮੈਂਟ ਪਲਾਂਟ ਦੇ ਚਾਲੂ ਹੋਣ ਨਾਲ ਟ੍ਰੀਟ ਹੋਇਆ ਪਾਣੀ ਛੱਜੂ ਭੱਟ ਚੋਏ ‘ਚ ਪਵੇਗਾ, ਜਿਸ ਨਾਲ ਘੱਗਰ ਦਾ ਪ੍ਰਦੂਸ਼ਣ ਘਟੇਗਾ ਅਤੇ ਬਿਨ੍ਹਾਂ ਸੋਧੇ ਸੀਵੇਜ਼ ਕਰਕੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ।
ਸ. ਧਰਮਸੋਤ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਸੀਵਰੇਜ਼ ਦੇ ਗੰਦਾ ਪਾਣੀ ਨੂੰ ਸੋਧਕੇੇ ਸਿੰਚਾਈ ਦੀ ਵਰਤੋਂ ਸਬੰਧੀਂ ਇੱਕ ਵੱਖਰੀ ਸਕੀਮ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 12 ਮਿਲੀਅਨ ਲਿਟਰ ਪ੍ਰਤੀ ਦਿਨ ਸੀਵੇਜ਼ ਦੀ ਸਫ਼ਾਈ ਦੀ ਸਮਰੱਥਾ ਵਾਲੇ ਇਸ ਪਲਾਂਟ ਲਈ 11.31 ਕਿਲੋਮੀਟਰ ਸੀਵਰ ਪਾਈਪ ਸਮੇਤ 1. 82 ਕਿਲੋਮੀਟਰ ਮੇਨ ਸੀਵਰ ਪਾਈਪ ਲਾਈਨ ਪਾਈ ਗਈ ਹੈ।
ਸ. ਧਰਮਸੋਤ ਨੇ ਤੇਲ ਦੀਆਂ ਕੀਮਤਾਂ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਆਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਕੀਮਤਾਂ ਘਟਾਉਣੀਆਂ ਚਾਹੀਦੀਆਂ ਸਨ ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਜਦੋਂਕਿ ਪੰਜਾਬ ਨੇ ਤਾਂ ਕੋਰੋਨਾ ਦੇ ਬਾਵਜੂਦ ਕਿਸਾਨਾਂ ਅਤੇ ਲੋਕ ਹਿਤਾਂ ਦੇ ਅਨੇਕਾਂ ਫੈਸਲੇ ਲਏ ਹਨ। ਕੈਬਨਿਟ ਮੰਤਰੀ ਨੇ ਦਿੱਲੀ ‘ਚ ਤੇਲ ਦੀਆਂ ਕੀਮਤਾਂ ਘਟਾਏ ਜਾਣ ਦੇ ਮੁੱਦੇ ‘ਤੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੀ ਸਥਿਤੀ ਵੱਖੋ-ਵੱਖਰੀ ਹੈ, ਦਿੱਲੀ ਇੱਕ ਛੋਟਾ ਰਾਜ ਹੈ ਅਤੇ ਉਸਦੀ ਆਮਦਨ ਵੀ ਹੋਰਨਾਂ ਅਨੇਕਾਂ ਸਰੋਤਾਂ ਤੋਂ ਪੰਜਾਬ ਦੇ ਮੁਕਾਬਲੇ ਕਿਤੇ ਵੱਧ ਹੈ।
ਇਸ ਮੌਕੇ ਸੀਵਰੇਜ ਅਤੇ ਜਲ ਸਪਲਾਈ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਵੇਦ ਕਪੂਰ, ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ, ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਜਗਦੀਸ਼ ਸਿੰਘ ਮੱਗੋ, ਗੁਰਮੀਤ ਮੋਹਣੀ, ਹਰੀ ਸੇਠ, ਕਸ਼ਮੀਰ ਲਾਲਕਾ, ਠੇਕੇਦਾਰ ਦਰਸ਼ਨ ਸਿੰਘ, ਸ. ਧਰਮਸੋਤ ਦੇ ਪੀਏ ਚਰਨਜੀਤ ਬਾਤਿਸ਼, ਨਿਜੀ ਸਕੱਤਰ ਕਾਬਲ ਸਿੰਘ, ਨਰਿੰਦਰਜੀਤ ਭਾਟੀਆ, ਐਸਡੀਐਮ ਕਾਲਾ ਰਾਮ ਕਾਂਸਲ, ਡੀਐਸਪੀ ਰਜੇਸ਼ ਛਿੱਬੜ, ਸੀਵਰੇਜ ਤੇ ਜਲ ਸਪਲਾਈ ਵਿਭਾਗ ਦੇ ਐਸ.ਡੀ.ਓ. ਸੰਜੇ ਜਿੰਦਲ ਅਤੇ ਜੇ.ਈ. ਰਵੀ ਨਰੂਲਾ ਸਮੇਤ ਹੋਰ ਪਤਵੰਤੇ ਮੌਜੂਦ ਸਨ।