ਹੁਸ਼ਿਆਰਪੁਰ/ ਮੁਕੇਰੀਆਂ, 24 ਅਪਰੈਲ
‘‘ਧਰਤੀ ਹੇਠਲੇ ਖਣਿਜ ਪਦਾਰਥਾਂ ਦੇ ਵਪਾਰ ਨੂੰ ਕੰਟਰੋਲ ਕਰਕੇ ਪੰਜਾਬ ਸਰਕਾਰ ਆਪਣੇ ਸਿਰ ਚੜ੍ਹੇ ਢਾਈ ਲੱਖ ਕਰੋੜ ਰੁਪਏ ਦੇ ਕਰਜ਼ੇ ਤੋਂ ਮੁਕਤ ਹੋ ਸਕਦੀ ਹੈ।’’
ਇਹ ਦਾਅਵਾ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ, ਜੋ ਖਣਨ ਬਾਰੇ ਬਣਾਈ ਕੈਬਨਿਟ ਸਬ-ਕਮੇਟੀ ਦੇ ਮੁਖੀ ਹਨ, ਨੇ ਅੱਜ ਇੱਥੇ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੰਢੀ ਖੇਤਰ ਅਤੇ ਦਰਿਆਈ ਇਲਾਕਿਆਂ ਵਿੱਚ ਖਣਿਜ ਪਦਾਰਥਾਂ ਦਾ ਏਨਾ ਭੰਡਾਰ ਹੈ, ਜੋ ਸਾਲਾਂ ਤੱਕ ਖ਼ਤਮ ਨਹੀਂ ਹੋ ਸਕਦਾ। ਇਸ ਲਈ ਜੇਕਰ ਸਰਕਾਰ ਖਣਨ ਮਾਫ਼ੀਆ ਨੂੰ ਨਕੇਲ ਪਾ ਕੇ ਸਾਰਾ ਕੰਮ ਵਿਧੀਵਤ ਤਰੀਕੇ ਨਾਲ ਕਰਵਾਉਂਦੀ ਹੈ ਤਾਂ ਕੁਝ ਹੀ ਸਾਲਾਂ ਵਿੱਚ ਸੂਬੇ ਦੇ ਸਿਰੋਂ ਨਾ ਕੇਵਲ ਕਰਜ਼ੇ ਦੀ ਪੰਡ ਲਹਿ ਜਾਵੇਗੀ ਬਲਕਿ ਖ਼ਜ਼ਾਨੇ ਵੀ ਭਰਪੂਰ ਹੋ ਜਾਣਗੇ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਟੋਨ ਕਰੱਸ਼ਰ ਮਾਲਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਪੁੱਜੇ ਸ੍ਰੀ ਸਿੱਧੂ ਨੇ ਕਿਹਾ ਕਿ ਜ਼ਮੀਨੀ ਹਕੀਕਤਾਂ ਜਾਣਨ ਤੋਂ ਬਾਅਦ ਉਹ ਏਨਾ ਹੀ ਕਹਿ ਸਕਦੇ ਹਨ ਕਿ ਤਿੰਨ ਵਰਗ ਕਿਲੋਮੀਟਰ ਦੇ ਖੇਤਰ ਵਿੱਚ 30 ਫੁੱਟ ਦੇ ਪੱਥਰੀਲੇ ਟਿੱਬਿਆਂ ਵਿੱਚੋਂ ਪੂਰੇ ਪੰਜਾਬ ਦੀ ਇੱਕ ਸਾਲ ਦੀ ਮੰਗ ਪੂਰੀ ਹੋ ਸਕਦੀ ਹੈ। ਇੱਥੇ ਇੱਕ ਹਜ਼ਾਰ ਕਰੱਸ਼ਰ ਲੱਗਣ ਦੀ ਸੰਭਾਵਨਾ ਹੈ, ਜਿੱਥੋਂ ਸੂਬੇ ਨੂੰ ਪੰਜ ਹਜ਼ਾਰ ਕਰੋੜ ਰੁਪਏ ਦੀ ਸਲਾਨਾ ਕਮਾਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਤਿਲੰਗਾਨਾ ਸੂਬੇ ਦਾ ਮਾਡਲ ਅਪਨਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਤਿਲੰਗਾਨਾ ਵਿੱਚ ਖਣਨ ਤੋਂ ਚਾਰ ਸਾਲਾਂ ਅੰਦਰ ਮੁਨਾਫ਼ਾ 10 ਕਰੋੜ ਤੋਂ 750 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਜੇਕਰ ਇਹੀ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਤਾਂ ਇੱਥੇ ਕਿਤੇ ਵੱਧ ਆਮਦਨ ਹੋ ਸਕਦੀ ਹੈ ਕਿਉਂਕਿ ਦਰਿਆਵਾਂ ਦੀ ਲੰਬਾਈ ਵੀ ਤਿਲੰਗਾਨਾ ਨਾਲੋਂ ਤਿੰਨ ਗੁਣਾ ਵੱਧ ਹੈ ਅਤੇ ਰੇਤੇ ਦਾ ਮਿਆਰ ਵੀ ਵਧੀਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ’ਚ ਖਣਨ ਤੋਂ ਕੇਵਲ 40 ਕਰੋੜ ਰੁਪਏ ਸਾਲਾਨਾ ਕਮਾਏ। ਉਨ੍ਹਾਂ ਅਕਾਲੀ ਆਗੂਆਂ ’ਤੇ ਖਣਨ ਮਾਫ਼ੀਆ ਚਲਾਉਣ ਦਾ ਦੋਸ਼ ਲਾਇਆ।
ਸ੍ਰੀ ਸਿੱਧੂ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਦੋ ਦਿਨ ਦੇ ਅੰਦਰ ਆਪਣੀ ਰਿਪੋਰਟ ਸੌਂਪ ਦੇਵੇਗੀ ਅਤੇ ਨਵੀਂ ਖਣਨ ਨੀਤੀ ਛੇਤੀ ਹੋਂਦ ਵਿੱਚ ਆਵੇਗੀ। ਉਨ੍ਹਾਂ ਦੱਸਿਆ ਕਿ ਸਟੋਨ ਕਰੱਸ਼ਰ ਦਾ ਕੰਮ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਕਰਵਾਏ ਜਾਣ ਦਾ ਪ੍ਰਸਤਾਵ ਹੈ, ਜਿੱਥੇ ਬਿਜਲੀ ਦੀ ਖਪਤ ਦੇ ਹਿਸਾਬ ਨਾਲ ਸਰਕਾਰ ਰਾਇਲਟੀ ਲੈਂਦੀ ਹੈ। ਇਸ ਮੌਕੇ ਖਣਨ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ, ਡਾਇਰੈਕਟਰ ਕੁਮਾਰ ਰਾਹੁਲ, ਚੀਫ਼ ਇੰਜਨੀਅਰ ਵਿਨੋਦ ਚੌਧਰੀ, ਡਿਪਟੀ ਕਮਿਸ਼ਨਰ ਵਿਪੁਲ ਉਜਵਲ ਅਤੇ ਐੱਸ.ਐੱਸ.ਪੀ. ਜੇ. ਇਲਨਚੇਲੀਅਨ ਵੀ ਹਾਜ਼ਰ ਸਨ।
ਇਸ ਤੋਂ ਬਾਅਦ ਸ੍ਰੀ ਸਿੱਧੂ ਨੇ ਮੁਕੇਰੀਆਂ ਨੇੜਲੇ ਪਿੰਡ ਧਾਮੀਆਂ ਵਿੱਚ ਕਰੱਸ਼ਰਾਂ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ 80 ਤੋਂ 100 ਫੁੱਟ ਤੱਕ ਡੂੰਘੀ ਮਾਈਨਿੰਗ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਖਣਨ ਬਾਰੇ ਨੀਤੀ ਬਣਾਉਣ ਲਈ ਜ਼ਮੀਨੀ ਹਕੀਕਤਾਂ ਜਾਣਨ ਉਹ ਇੱਥੇ ਆਏ ਹਨ। ਪਿੰਡ ਧਾਮੀਆਂ ਨੇੜੇ ਖੇਤੀਬਾੜੀ ਵਾਲੀ ਜ਼ਮੀਨ, ਜਿੱਥੇ ਪਥਰੀਲੇ ਟਿੱਬੇ ਹਨ, ਦਾ ਦੌਰਾ ਕਰਨ ਉਪਰੰਤ ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਇਨ੍ਹਾਂ ਟਿੱਬਿਆਂ ’ਚ ਕਰੱਸ਼ਰ ਲਗਾ ਕੇ ਰੇਤਾ ਤੇ ਬਜਰੀ ਕੱਢੀ ਜਾਵੇ ਤਾਂ ਇਹ ਟਿੱਬੇ ਪੱਧਰੇ ਹੋ ਕੇ ਵਾਹੀਯੋਗ ਵੀ ਬਣ ਸਕਣਗੇ ਅਤੇ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।