ਸਿਓਲ, 5 ਸਤੰਬਰ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਅੱਜ ਕਿਹਾ ਕਿ ਉਹ ਵਿਸ਼ਵ ਭਰ ਦੇ ਆਗੂਆਂ ਨੂੰ ਉੱਤਰੀ ਕੋਰੀਆ ’ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਲਾਉਣ ਦੀ ਲੋੜ ਬਾਰੇ ਜਾਣੂ ਕਰਾਉਣਗੇ ਤਾਂ ਕਿ ਇਸ ਮੁਲਕ ਨੂੰ ਨਾਜਾਇਜ਼ ਗਤੀਵਿਧੀਆਂ ਰਾਹੀਂ ਹਥਿਆਰਾਂ ਦੇ ਪ੍ਰੋਗਰਾਮ ਦੀ ਫੰਡਿੰਗ ਤੋਂ ਰੋਕਿਆ ਜਾ ਸਕੇ। ਰਾਸ਼ਟਰਪਤੀ ਯੂਨ ਸੂਕ ਯੇਓਲ ਨੇ ਕਿਹਾ ਕਿ ਇਹ ਮੁੱਦਾ ਉਹ ਭਾਰਤ ਤੇ ਇੰਡੋਨੇਸ਼ੀਆ ਵਿਚ ਹੋ ਰਹੇ ਸਿਖਰ ਸੰਮੇਲਨਾਂ ਵਿਚ ਚੁੱਕਣਗੇ। ਰਾਸ਼ਟਰਪਤੀ ਯੂਨ ਜਕਾਰਤਾ ਵਿਚ ਹੋ ਰਹੇ ਆਸੀਆਨ ਮੁਲਕਾਂ ਦੇ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣਗੇ। ਸ਼ੁੱਕਰਵਾਰ ਨੂੰ ਉਹ ਨਵੀਂ ਦਿੱਲੀ ਜਾਣਗੇ ਤੇ ਭਾਰਤ ਵਿਚ ਹੋ ਰਹੇ ਜੀ20 ਸੰਮੇਲਨ ਦਾ ਹਿੱਸਾ ਬਣਨਗੇ। ਰਾਸ਼ਟਰਪਤੀ ਨੇ ਕਿਹਾ, ‘ਆਗਾਮੀ ਆਸੀਆਨ ਸੰਮੇਲਨ ਤੇ ਜੀ20 ਸੰਮੇਲਨ ਵਿਚ, ਮੈਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਾਂਗਾ ਕਿ ਉੱਤਰੀ ਕੋਰੀਆ ਦੀ ਹਮਲਾਵਰ ਪਹੁੰਚ ਦਾ ਜਵਾਬ ਦਿੱਤਾ ਜਾਵੇ, ਇਹ ਮੁਲਕ ਲਗਾਤਾਰ ਆਪਣੇ ਮਿਜ਼ਾਈਲ ਤੇ ਪਰਮਾਣੂ ਪ੍ਰੋਗਰਾਮ ਰਾਹੀਂ ਭੜਕਾਹਟ ਪੈਦਾ ਕਰ ਰਿਹਾ ਹੈ।’ ਯੂਨ ਨੇ ਇਸ ਮੌਕੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀਆਂ ਪਾਬੰਦੀਆਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਨ੍ਹਾਂ ਰਾਹੀਂ ਉੱਤਰੀ ਕੋਰੀਆ ਨੂੰ ਹਥਿਆਰ ਵਿਕਸਿਤ ਕਰਨ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਪਿਛਲੇ ਸਾਲ ਤੋਂ ਰਿਕਾਰਡ ਗਿਣਤੀ ਵਿਚ ਮਿਜ਼ਾਈਲਾਂ ਦੀ ਪ੍ਰੀਖਣ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਸਾਈਬਰ ਹੈਕਿੰਗ ਤੇ ਪਾਬੰਦੀਸ਼ੁਦਾ ਵਸਤਾਂ ਦੀ ਵਿਕਰੀ ਰਾਹੀਂ ਹਥਿਆਰ ਵਿਕਸਿਤ ਕਰਨ ਲਈ ਪੈਸਾ ਇਕੱਠਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉੱਤਰੀ ਕੋਰੀਆ ਦੇ ਵੱਡੀ ਗਿਣਤੀ ਵਰਕਰ ਸੰਯੁਕਤ ਰਾਸ਼ਟਰ ਦੇ ਹੁਕਮਾਂ ਦੇ ਬਾਵਜੂਦ ਚੀਨ ਤੇ ਰੂਸ ਵਿਚ ਕੰਮ ਕਰ ਰਹੇ ਹਨ, ਜੋ ਕਿ ਇਸ ਮੁਲਕ ਵਿਚ ਵਿਦੇਸ਼ੀ ਕਰੰਸੀ ਦਾ ਵੱਡਾ ਸਰੋਤ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ ਮੈਂਬਰ ਮੁਲਕਾਂ ਨੂੰ ਸਾਰੇ ਉੱਤਰੀ ਕੋਰਿਆਈ ਵਰਕਰਾਂ ਨੂੰ ਵਾਪਸ ਭੇਜਣ ਲਈ ਕਿਹਾ ਸੀ। ਯੂਨ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ’ਤੇ ਜੀ20 ਦੇ ਮੰਚ ’ਤੇ ਉੱਤਰੀ ਕੋਰੀਆ ਨੂੰ ਰੋਕਣ ਦਾ ਮੁੱਦਾ ਚੁੱਕਣਗੇ।