ਡੇਜੇਓਨ : ਦੱਖਣੀ ਕੋਰੀਆ ਦੇ ਮੱਧ ਸ਼ਹਿਰ ਡੇਜੇਓਨ ਵਿੱਚ ਇੱਕ ਕਾਰ ਪਾਰਟਸ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 59 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 25 ਦੀ ਹਾਲਤ ਗੰਭੀਰ ਹੈ। ਬਚਾਅ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੱਧ ਸ਼ਹਿਰ ਡੇਜੇਓਨ (Daejeon) ਵਿੱਚ ਇੱਕ ਆਟੋ ਪਾਰਟਸ ਫੈਕਟਰੀ ਦੇ ਮਲਬੇ ਵਿੱਚੋਂ 10 ਲੋਕਾਂ ਦੀਆਂ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਅੱਗ ਲੱਗਣ ਦਾ ਸੰਭਾਵਿਤ ਕਾਰਨ ਧਮਾਕਾ ਦੱਸਿਆ ਜਾ ਰਿਹਾ ਹੈ। ਇਸ ਅੱਗ ਵਿੱਚ ਘੱਟੋ-ਘੱਟ 59 ਹੋਰ ਲੋਕ ਜ਼ਖ਼ਮੀ ਹੋ ਗਏ ਹਨ ਅਤੇ ਕਈ ਲੋਕ ਲਾਪਤਾ ਹਨ।

ਜ਼ਿਕਰਯੋਗ ਹੈ ਕਿ ਬਚਾਅ ਟੀਮਾਂ ਅਜੇ ਵੀ ਮਲਬੇ ਹੇਠ ਦੱਬੇ ਚਾਰ ਹੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਗ੍ਰਹਿ ਮੰਤਰਾਲੇ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ 25 ਦੀ ਹਾਲਤ ਗੰਭੀਰ ਹੈ। ਯੋਨਹਾਪ ਨਿਊਜ਼ ਏਜੰਸੀ ਦੇ ਅਨੁਸਾਰ ਜਦੋਂ ਅੱਗ ਲੱਗੀ ਤਾਂ ਪਲਾਂਟ ਵਿੱਚ ਕੁੱਲ 170 ਕਾਮੇ ਕੰਮ ਕਰ ਰਹੇ ਸਨ।

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਸ਼ਟਰਪਤੀ ਲੀ ਜੇ-ਮਯੁੰਗ ਨੇ ਅਧਿਕਾਰੀਆਂ ਨੂੰ ਬਚਾਅ ਕਾਰਜ ਲਈ ਸਾਰੇ ਉਪਲਬਧ ਸਰੋਤਾਂ, ਕਰਮਚਾਰੀਆਂ ਅਤੇ ਆਧੁਨਿਕ ਉਪਕਰਣਾਂ ਨੂੰ ਤੁਰੰਤ ਜੁਟਾਉਣ ਦੇ ਨਿਰਦੇਸ਼ ਦਿੱਤੇ ਹਨ। ਅੱਗ ਲੱਗਣ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਅਤੇ ਬਚਾਅ ਕਾਰਜਾਂ ਲਈ 500 ਤੋਂ ਵੱਧ ਫਾਇਰਫਾਈਟਰ, ਪੁਲਿਸ ਅਤੇ ਐਮਰਜੈਂਸੀ ਕਰਮਚਾਰੀ ਤਾਇਨਾਤ ਕੀਤੇ ਗਏ ਸਨ।ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓ ਅਤੇ ਫੋਟੋਆਂ ਵਿੱਚ ਫੈਕਟਰੀ ਕੰਪਲੈਕਸ ਵਿੱਚੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਅੱਗ ਬੁਝਾਉਣ ਅਤੇ ਬਚਾਅ ਕਾਰਜ ਚਲਾਉਣ ਵਿੱਚ ਅੱਗ ਬੁਝਾਉਣ ਵਾਲਿਆਂ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਮਾਰਤ ਦੇ ਢਹਿ ਜਾਣ ਦੇ ਕਾਰਨ ਬਚਾਅ ਕਰਮਚਾਰੀ ਤੁਰੰਤ ਇਮਾਰਤ ਵਿੱਚ ਦਾਖਲ ਨਹੀਂ ਹੋ ਸਕੇ।