ਕਾਠਮੰਡੂ: ਭਾਰਤ ਨੇ 13ਵੀਆਂ ਦੱਖਣੀ ਏਸ਼ਿਆਈ ਖੇਡਾਂ ਵਿੱਚ ਅੱਜ 27 ਸੋਨ ਤਗ਼ਮਿਆਂ ਸਣੇ ਕੁੱਲ 42 ਤਗ਼ਮੇ ਹਾਸਲ ਕਰਕੇ ਟੂਰਨਾਮੈਂਟ ਵਿੱਚ 300 ਤਗ਼ਮੇ ਜਿੱਤਣ ਦੇ ਨੇੜੇ ਪਹੁੰਚ ਗਿਆ। ਉਹ ਅੱਜ ਅੱਠਵੇਂ ਦਿਨ 294 ਤਗ਼ਮਿਆਂ (159 ਸੋਨੇ, 91 ਚਾਂਦੀ ਅਤੇ 44 ਕਾਂਸੀ) ਨਾਲ ਪਹਿਲੇ ਸਥਾਨ ’ਤੇ ਬਰਕਰਾਰ ਹੈ। ਮੇਜ਼ਬਾਨ ਨੇਪਾਲ 195 ਤਗ਼ਮਿਆਂ (49 ਸੋਨ, 54 ਚਾਂਦੀ ਅਤੇ 92 ਕਾਂਸੀ) ਨਾਲ ਦੂਜੇ ਸਥਾਨ ’ਤੇ ਕਾਇਮ ਹੈ। ਸ੍ਰੀਲੰਕਾ ਤੀਜੇ ਸਥਾਨ ’ਤੇ ਹੈ, ਉਸ ਦੇ 236 ਤਗ਼ਮੇ ਹਨ। ਭਾਰਤੀ ਮਹਿਲਾ ਫੁਟਬਾਲ ਟੀਮ ਨੇ ਮੇਜ਼ਬਾਨ ਨੇਪਾਲ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਸੋਨ ਤਗ਼ਮਾ ਜਿੱਤਿਆ। ਭਾਰਤੀ ਜਿੱਤ ਦੀ ਨਾਇਕ ਇੱਕ ਵਾਰ ਫਿਰ ਸਟਰਾਈਕਰ ਬਾਲਾ ਦੇਵੀ ਰਹੀ। ਗੌਰਵ ਬਾਲਿਆਨ (ਪੁਰਸ਼ਾਂ, 74 ਕਿਲੋ) ਅਤੇ ਅਨੀਤਾ ਸ਼ੇਰੋਨ (ਮਹਿਲਾ, 68 ਕਿਲੋ) ਦੀ ਜਿੱਤ ਨਾਲ ਹੀ ਭਾਰਤੀ ਪਹਿਲਵਾਲਾਂ ਨੇ ਕੁਸ਼ਤੀ ਮੁਕਾਬਲੇ ਵਿੱਚ 14 ਸੋਨ ਤਗ਼ਮੇ ਜਿੱਤ ਆਪਣੀ ਮੁਹਿੰਮ ਖ਼ਤਮ ਕੀਤੀ। ਭਾਰਤ ਨੇ ਮੁੱਕੇਬਾਜ਼ੀ ਵਿੱਚ ਛੇ ਸੋਨ ਤਗ਼ਮੇ ਹਾਸਲ ਕੀਤੇ।