ਜੋਹਾਨੈੱਸਬਰਗ, 19 ਮਾਰਚ
ਭਾਰਤ ਦੌਰਾ ਰੱਦ ਹੋਣ ਮਗਰੋਂ ਦੇਸ਼ ਪਰਤੀ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨੂੰ 14 ਦਿਨ ਇਕਾਂਤ ਵਿੱਚ ਰਹਿਣ ਲਈ ਕਿਹਾ ਗਿਆ ਹੈ। ਦੁਨੀਆਂ ਭਰ ਵਿੱਚ ਫੈਲੇ ਕੋਵਿਡ-19 ਦੇ ਮੱਦੇਨਜ਼ਰ ਭਾਰਤ ਵਿੱਚ ਤਿੰਨ ਇੱਕ-ਰੋਜ਼ਾ ਲੜੀ ਦੇ ਬਾਕੀ ਦੋ ਮੈਚ ਰੱਦ ਕਰ ਦਿੱਤੇ ਸਨ, ਜਦੋਂਕਿ ਪਹਿਲਾ ਮੁਕਾਬਲਾ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ਕ੍ਰਿਕਟ ਦੱਖਣੀ ਅਫਰੀਕਾ ਦੇ ਮੁੱਖ ਮੈਡੀਕਲ ਅਫਸਰ ਡਾ. ਸ਼ੁਆਇਬ ਮਾਂਜਰਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖਿਡਾਰੀਆਂ ਨੂੰ ਖ਼ੁਦ ਨੂੰ ਵੱਖ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਦੀ ਡਾਕਟਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ, “ਅਸੀਂ ਖਿਡਾਰੀਆਂ ਨੂੰ ਘੱਟੋ-ਘੱਟ ਅਗਲੇ 14 ਦਿਨਾਂ ਤੱਕ ਵੱਖ ਰਹਿਣ ਲਈ ਕਿਹਾ ਹੈ। ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ, ਸਮਾਜ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਦਾ ਇਹੀ ਤਰੀਕਾ ਹੈ।” ਉਸਨੇ ਕਿਹਾ, “ਇਸ ਦੌਰਾਨ ਜੇਕਰ ਕਿਸੇ ਅੰਦਰ ਵਾਇਰਸ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਡਾਕਟਰੀ ਜਾਂਚ ਕਰਵਾਈ ਜਾਵੇਗੀ ਅਤੇ ਲੋੜੀਂਦੇ ਕਦਮ ਚੁੱਕੇ ਜਾਣਗੇ।” ਮਾਂਜਰਾ ਨੇ ਕਿਹਾ, “ਯਾਤਰਾ ਦੌਰਾਨ ਕੁੱਝ ਖਿਡਾਰੀਆਂ ਨੇ ਮਾਸਕ ਪਹਿਨੇ ਅਤੇ ਕੁੱਝ ਨੇ ਨਹੀਂ। ਯਾਤਰਾ ਦੌਰਾਨ ਵੀ ਕਿਸੇ ਨਾਲ ਸੰਪਰਕ ਨਹੀਂ ਕੀਤਾ ਗਿਆ।” ਦੱਖਣੀ ਅਫਰੀਕਾ ਟੀਮ ਕੋਲਕਾਤਾ ਦੇ ਰਸਤੇ ਵਾਪਸ ਪਰਤੀ।