ਬੰਗਲੌਰ, 27 ਨਵੰਬਰ

ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੱਖਣੀ ਅਫ਼ਰੀਕਾ ਤੋਂ ਆਏ ਦੋ ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੋਹਾਂ ਦੇ ਜਿਵੇਂ ਹੀ ਕਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਘਾਤਕ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਸਿਹਤ ਅਧਿਕਾਰੀਆਂ ’ਚ ਭਾਜੜਾਂ ਪੈ ਗਈਆਂ। ਡਿਪਟੀ ਕਮਿਸ਼ਨਰ ਕੇ ਸ੍ਰੀਨਿਵਾਸ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਦੇ ਹੋਰ ਟੈਸਟ ਕੀਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਉਨ੍ਹਾਂ ’ਚ ਓਮੀਕਰੋਨ ਦੇ ਲੱਛਣ ਹਨ ਜਾਂ ਨਹੀਂ। ਟੈਸਟਾਂ ਦੇ ਨਤੀਜੇ ਆਉਣ ’ਚ 48 ਘੰਟਿਆਂ ਦਾ ਸਮਾਂ ਲੱਗੇਗਾ, ਉਦੋਂ ਤੱਕ ਲਈ ਦੋਵੇਂ ਪੀੜਤਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸ੍ਰੀਨਿਵਾਸ ਨੇ ਦੱਸਿਆ ਕਿ ਹੁਣ ਤੱਕ ਵਧੇਰੇ ਜੋਖਮ ਵਾਲੇ 10 ਮੁਲਕਾਂ ’ਚੋਂ 584 ਵਿਅਕਤੀ ਇਥੇ ਆਏ ਹਨ ਜਿਨ੍ਹਾਂ ’ਚੋਂ 94 ਜਣੇ ਦੱਖਣੀ ਅਫ਼ਰੀਕਾ ਤੋਂ ਪਹੁੰਚੇ ਹਨ।