ਪੋਟਸ਼ਫਸਟਰੋਮ: ਦੱਖਣੀ ਅਫਰੀਕਾ ਖ਼ਿਲਾਫ਼ ਗੋਲਾਂ ਦੀ ਹੈਟ੍ਰਿਕ ਲਾਉਣ ਵਾਲੇ ਨਵੇਂ ਡਰੈਗ ਫਲਿੱਕਰ ਜੁਗਰਾਜ ਸਿੰਘ ਨੇ ਕਿਹਾ ਕਿ ਐੱਫਆਈਐੱਚ ਹਾਕੀ ਪ੍ਰੋ ਲੀਗ ਵਿੱਚ ਭਾਰਤ ਵੱਲੋਂ ਕਰੀਅਰ ਸ਼ੁਰੂ ਕਰਨਾ ਇੱਕ ਭਾਵਨਾਤਮਕ ਤਜਰਬਾ ਹੈ ਅਤੇ ਇੱਕ ਖਿਡਾਰੀ ਵਜੋਂ ਹੋਰ ਵਧੀਆ ਕਰਨ ਲਈ ਉਹ ਸਖਤ ਮਿਹਨਤ ਕਰੇਗਾ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਨਾਲ ਸਬੰਧਤ ਜੁਗਰਾਜ ਸਿੰਘ (26) ਨੇ ਪਿਛਲੇ ਹਫ਼ਤੇ ਦੱਖਣੀ ਅਫਰੀਕਾ ਵਿੱਚ ਐੱਫਆਈਐੱਚ ਹਾਕੀ ਪ੍ਰੋ ਲੀਗ ਦੌਰਾਨ ਫਰਾਂਸ ਖ਼ਿਲਾਫ਼ ਮੈਚ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਹਾਕੀ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਉਸ ਨੇ ਕਿਹਾ, ‘‘ਐੱਫਆਈਐੱਚ ਹਾਕੀ ਪ੍ਰੋ ਲੀਗ ਵਰਗੇ ਟੂਰਨਾਮੈਂਟ ਵਿੱਚ ਕਰੀਅਰ ਦੀ ਸ਼ੁਰੂਆਤ ਕਰਨੀ ਯਕੀਨੀ ਤੌਰ ’ਤੇ ਮੇਰੇ ਲਈ ਇੱਕ ਭਾਵਨਾਤਮਕ ਪਲ ਸੀ ਅਤੇ ਆਪਣੇ ਸਿਰਫ਼ ਦੂਜੇ ਹੀ ਮੈਚ ਵਿੱਚ ਭਾਰਤ ਲਈ ਹੈਟ੍ਰਿਕ (ਦੱਖਣੀ ਅਫ਼ਰੀਕਾ ਖ਼ਿਲਾਫ਼) ਲਾਉਣੀ ਹੋਰ ਵੀ ਖਾਸ ਹੈ।’’ ਜੁਗਰਾਜ ਸਿੰਘ ਨੇ ਕਿਹਾ, ‘‘ਮੈਨੂੰ ਪੂੁਰੀ ਟੀਮ ਵੱਲੋਂ ਮਿਲਿਆ ਸਹਿਯੋਗ ਬਹੁਤ ਸ਼ਾਨਦਾਰ ਸੀ ਅਤੇ ਮੇਰਾ ਮੰਨਣਾ ਹੈ ਕਿ ਮੇਰੇ ਕੋਲ ਸਿੱਖਣ ਲਈ ਬਹੁਤ ਕੁਝ ਹੈ।’’ ਦੱਸਣਯੋਗ ਹੈ ਕਿ ਓਲੰਪਿਕ ’ਚ ਕਾਂਸੀ ਜੇਤੂ ਭਾਰਤ ਨੇ ਉਕਤ ਟੂਰਨਾਂਮੈਂਟ ਵਿੱਚ ਫਰਾਂਸ ਖ਼ਿਲਾਫ਼ 5-0 ਅਤੇ ਦੱਖਣੀ ਅਫਰੀਕਾ ਖ਼ਿਲਾਫ਼ 10-2 ਗੋਲਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਜਦਕਿ ਫਰਾਂਸ ਹੱਥੋਂ ਇੱਕ ਮੈਚ ਵਿੱਚ 2-5 ਨਾਲ ਹਾਰ ਮਿਲੀ ਸੀ। ਜੁਗਰਾਜ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਮੈਂਬਰ ਬਣਨ ਤੱਕ ਦੇ ਸਫਰ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੇ ਪਿਤਾ ਵਾਹਗਾ ਬਾਰਡਰ (ਅਟਾਰੀ) ਉੱਤੇ ਕੁਲੀ’ ਵਜੋਂ ਕੰਮ ਕਰਦੇ ਰਹੇ ਹਨ। ਪੰਜ ਭੈਣ ਭਰਾਵਾਂ ਵਿੱਚੋਂ ਸਿਰਫ ਜੁਗਰਾਜ ਸਿੰਘ ਨੇ ਹੀ ਖੇਡ ਨੂੰ ਕਰੀਅਰ ਵਜੋਂ ਚੁਣਿਆ ਹੈ। ਉਹ ਨੌਕਰੀ ਲਈ ਜਲ ਸੈਨਾ ਵਿੱਚ ਗਿਆ, ਜਿੱਥੇ ਘਰੇਲੂ ਮੈਚਾਂ ਮਗਰੋਂ ਉਸ ਦਾ ਕਰੀਅਰ ਸ਼ੁਰੂ ਹੋਇਆ। ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਦੱਸਿਆ ਕਿ ਉਸ ਨੇ 6 ਸਾਲਾਂ ਦੀ ਉਮਰ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਫਿਰ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ, ਖਡੂਰ ਸਾਹਿਬ ਬਾਰੇ ਪਤਾ ਲੱਗਾ, ਜਿੱਥੇ ਰਹਿਣਾ ਤੇ ਖਾਣਾ ਆਦਿ ਸਭ ਕੁਝ ਮੁਫ਼ਤ ਹੈ। ਉਸ ਮੁਤਾਬਕ ਅਕੈਡਮੀ ਵਿੱਚ ਕੋਚ ਬਲਕਾਰ ਸਿੰਘ ਨੇ ਉਸ ਦੇ ਹੁਨਰ ਨੂੰ ਨਿਖਾਰਿਆ ਅਤੇ ਬਾਅਦ ਵਿੱਚ ਉਸ ਨੂੰ ਦਿੱਲੀ ਵਿੱਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੰਟਰਨਸ਼ਿਪ ਮਿਲੀ ਅਤੇ ਲਗਪਗ ਤਿੰਨ ਸਾਲ ਉਸ ਨੇ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ।