ਤਿਰੁਵਨੰਤਪੁਰਮ, ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਵਿਚਾਲੇ ਵੀਰਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਪੰਜ ਅਣਅਧਿਕਾਰਤ ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਵਿੱਚ ਨਜ਼ਰਾਂ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ’ਤੇ ਹੋਣਗੀਆਂ। ਲੈਅ ਵਿੱਚ ਚੱਲ ਰਹੇ ਗਿੱਲ ਨੇ ਭਾਰਤ ‘ਏ’ ਲਈ ਕੈਰੇਬਿਆਈ ਦੌਰੇ ਮੌਕੇ ਚੰਗਾ ਪ੍ਰਦਰਸ਼ਨ ਕੀਤਾ ਸੀ, ਫਿਰ ਵੀ ਉਸ ਨੂੰ ਸੀਨੀਅਰ ਇੱਕ ਰੋਜ਼ਾ ਕੌਮਾਂਤਰੀ ਟੀਮ ਵਿੱਚ ਥਾਂ ਨਹੀਂ ਮਿਲ ਸਕੀ। ਗਿੱਲ ਹੁਣ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਆਪਣੀ ਛਾਪ ਛੱਡਣ ਦੀ ਕੋਸ਼ਿਸ਼ ਕਰੇਗਾ।
ਪੰਜਾਬ ਦੇ ਇਸ ਬੱਲੇਬਾਜ਼ ਨੇ ਇਸ ਸਾਲ ਨਿਊਜ਼ੀਲੈਂਡ ਵਿੱਚ ਦੋ ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡੇ ਸਨ। ਹੁਣ ਉਹ ਇਹ ਲੈਅ ਅਗਲੀ ਲੜੀ ਵਿੱਚ ਕਾਇਮ ਰੱਖਦਿਆਂ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਗਿੱਲ ਤੋਂ ਇਲਾਵਾ ਸੱਟ ਤੋਂ ਉਭਰਨ ਵਾਲੇ ਹਰਫ਼ਨਮੋਲਾ ਵਿਜੈ ਸ਼ੰਕਰ ’ਤੇ ਵੀ ਚੋਣ ਕਮੇਟੀ ਦੀਆਂ ਨਜ਼ਰਾਂ ਹੋਣਗੀਆਂ। ਸ਼ੰਕਰ ਨੂੰ ਪੈਰ ਦੀ ਸੱਟ ਕਾਰਨ ਇੰਗਲੈਂਡ ਵਿੱਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿਚਾਲੇ ਛੱਡਣਾ ਪਿਆ ਸੀ ਅਤੇ ਹਾਲ ਹੀ ਵਿੱਚ ਤਾਮਿਲਨਾਡੂ ਪ੍ਰੀਮੀਅਰ ਲੀਗ ਨਾਲ ਉਸ ਨੇ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ।
ਵੈਸਟ ਇੰਡੀਜ਼ ਦੌਰੇ ’ਤੇ ਭਾਰਤ ਦੀ ਸੀਮਤ ਓਵਰਾਂ ਦੀ ਸੀਨੀਅਰ ਟੀਮ ਵਿੱਚ ਵਾਪਸੀ ਕਰਨ ਵਾਲਾ ਮਨੀਸ਼ ਪਾਂਡੇ ਪਹਿਲੇ ਤਿੰਨ ਮੈਚਾਂ ਵਿੱਚ ਟੀਮ ਦੀ ਅਗਵਾਈ ਕਰੇਗਾ, ਜਦਕਿ ਆਖ਼ਰੀ ਦੋ ਮੈਚਾਂ ਵਿੱਚ ਇਹ ਭੂਮਿਕਾ ਸ਼੍ਰੇਅਸ ਅਈਅਰ ਨਿਭਾਏਗਾ। ਪਾਂਡੇ ਵੱਡੀਆਂ ਪਾਰੀਆਂ ਖੇਡ ਕੇ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਸੀਨੀਅਰ ਟੀਮ ਦੇ ਮੱਧ ਕ੍ਰਮ ਵਿੱਚ ਪੱਕੀ ਥਾਂ ਬਣਾਉਣ ਲਈ ਸੰਘਰਸ਼ ਜਾਰੀ ਹੈ। ਟੀਮ ਵਿੱਚ ਕਈ ਅਜਿਹੇ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ, ਜੋ ਵੈਸਟ ਇੰਡੀਜ਼ ਵਿੱਚ ਸੀਮਤ ਓਵਰਾਂ ਦੀ ਸੀਨੀਅਰ ਟੀਮ ਦਾ ਹਿੱਸਾ ਸਨ। ਇਹ ਲੜੀ ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੂੰ ਵੀ ਲੈਅ ਵਾਪਸ ਹਾਸਲ ਕਰਨ ਦਾ ਮੌਕਾ ਦੇਵੇਗੀ। ਕੈਰੇਬਿਆਈ ਦੌਰੇ ’ਤੇ ਟੀ-20 ਲੜੀ ਵਿੱਚ ਗੇਂਦ ਅਤੇ ਬੱਲੇ ਦੋਵਾਂ ਨਾਲ ਪ੍ਰਭਾਵਿਤ ਕਰਨ ਵਾਲੇ ਕੁਰਣਾਲ ਪਾਂਡਿਆ ਤੋਂ ਇਲਾਵਾ ਇਸ਼ਾਨ ਕਿਸ਼ਨ, ਰੁਤੂਰਾਜ ਗਾਇਕਵਾੜ ਅਤੇ ਨਿਤੀਸ਼ ਰਾਣਾ ਵਰਗੇ ਨੌਜਵਾਨ ਹੁਨਰਮੰਦ ਖਿਡਾਰੀ ਵੀ ਆਪਣਾ ਲੋਹਾ ਮਨਵਾਉਣ ਦਾ ਯਤਨ ਕਰਨਗੇ।
ਭਾਰਤ ‘ਏ’ ਟੀਮ ਵਿੱਚ ਤੇਜ਼ ਗੇਂਦਬਾਜ਼ ਵਜੋਂ ਖਲੀਲ ਅਹਿਮਦ ਅਤੇ ਦੀਪਕ ਚਾਹਰ ਹੋਣਗੇ। ਦੱਖਣੀ ਅਫਰੀਕਾ ‘ਏ’ ਦੀ ਕਮਾਨ ਅਨੁਭਵੀ ਤੇਂਬਾ ਬਾਵੁਮਾ ਦੇ ਹੱਥਾਂ ਵਿੱਚ ਹੈ। ਸੀਨੀਅਰ ਟੀਮ ਦੇ ਦੌਰੇ ਤੋਂ ਪਹਿਲਾਂ ਇਹ ਲੜੀ ਉਸ ਨੂੰ ਇੱਥੇ ਹਾਲਾਤ ਨਾਲ ਇਕਸੁਰ ਹੋਣ ਦਾ ਮੌਕਾ ਦੇਵੇਗੀ। ਟੀਮ ਨੂੰ ਬਾਵੁਮਾ ਤੋਂ ਕਾਫ਼ੀ ਉਮੀਦਾਂ ਹੋਣਗੀਆਂ, ਜਿਸ ਨੇ 36 ਟੈਸਟ ਅਤੇ ਦੋ ਇੱਕ ਰੋਜ਼ਾ ਖੇਡਣ ਦਾ
ਤਜਰਬਾ ਹੈ।