ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ 1981 `ਚ ਏਅਰ ਇੰਡੀਆ ਦਾ ਹਵਾਈ ਜਹਾਜ਼ ਅਗਵਾ ਕਰਨ ਵਾਲੇ ਦੋ ਮੁਲਜ਼ਮਾਂ ਤੇਜਿੰਦਰ ਪਾਲ ਸਿੰਘ ਤੇ ਸਤਨਾਮ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਦੋਵਾਂ `ਤੇ ਦੇਸ਼-ਧਰੋਹ ਦੇ ਦੋਸ਼ ਲੱਗੇ ਹੋਏ ਸਨ। ਉਹ ਤਦ ਹਵਾਈ ਜਹਾਜ਼ ਨੂੰ ਅਗ਼ਵਾ ਕਰ ਕੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਲੈ ਗਏ ਸਨ।
ਇਨ੍ਹਾਂ ਦੋਵਾਂ ਉੱਤੇ ਭਾਰਤ ਖਿ਼ਲਾਫ਼ ਜੰਗ ਵਿੱਢਣ ਤੇ ਦੇਸ਼-ਧਰੋਹ ਦੇ ਦੋਸ਼ ਲੱਗੇ ਸਨ, ਜਦੋਂ ਉਨ੍ਹਾਂ ਨੂੰ 2000 `ਚ ਡੀਪੋਰਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ `ਚ ਉਮਰ ਕੈਦ ਦੀ ਸਜ਼ਾ ਕੱਟੀ ਸੀ।
ਇਹ ਹਵਾਈ ਜਹਾਜ਼ 29 ਸਤੰਬਰ, 1981 ਨੂੰ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਚਾਕੂਆਂ ਦੀ ਨੋਕ `ਤੇ ਅਗ਼ਵਾ ਕੀਤਾ ਗਿਆ ਸੀ। ਤਦ ਉਸ ਵਿੱਚ 111 ਯਾਤਰੀਆਂ ਦੇ ਨਾਲ ਅਮਲੇ ਦੇ ਛੇ ਮੈਂਬਰ ਵੀ ਸਵਾਰ ਸਨ। ਪਾਕਿਸਤਾਨੀ ਕਮਾਂਡੋਜ਼ ਨੇ ਅਗ਼ਵਾਕਾਰਾਂ `ਤੇ ਕਾਬੂ ਪਾ ਕੇ 45 ਬੰਧਕਾਂ ਨੂੰ ਰਿਹਾਅ ਕਰਵਾਇਆ ਸੀ। ਅਗ਼ਵਾਕਾਰ ਇਸ ਤੋਂ ਪਹਿਲਾਂ 60 ਯਾਤਰੀਆਂ ਨੂੰ ਰਿਹਾਅ ਕਰ ਚੁੱਕੇ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਦੋਵੇਂ ਅਗ਼ਵਾਕਾਰਾਂ ਦੇ ਬਚਾਅ `ਚ ਨਿੱਤਰੇ ਸਨ। ਉਨ੍ਹਾਂ ਦਲੀਲ ਦਿੱਤੀ ਸੀ ਕਿ ਇਨ੍ਹਾਂ ਦੋਵਾਂ ਨੇ ਭਾਵੇਂ ਬਹੁਤ ਨਿਖੇਧੀਯੋਗ ਕਾਰਾ ਕੀਤਾ ਸੀ ਪਰ ਜਦੋਂ ਇਹ ਦੋਵੇਂ ਪਾਕਿਸਤਾਨ ਦੀਆਂ ਜੇਲ੍ਹਾਂ `ਚ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਹਨ, ਤਦ ਹੁਣ ਉਨ੍ਹਾਂ ਨੂੰ ਭਾਰਤ `ਚ ਦੋਬਾਰਾ ਸਜ਼ਾਵਾਂ ਦੇਣ ਦੀ ਕੋਈ ਤੁਕ ਨਹੀਂ ਹੈ।