ਜੀਤੀ ਅਤੇ ਦੀਪੀ ਦੋਵੇਂ ਸਹੇਲੀਆਂ ਹਨ ਅਤੇ ਦੋਵੇਂ ਇਸ ਸਾਲ ਸੱਤਵੀਂ ਜਮਾਤ ਵਿਚ ਪੜ੍ਹਦੀਆਂ ਹਨ। ਦੋਵਾਂ ਦੇ ਘਰ ਇਕ ਹੀ ਗਲ਼ੀ ਵਿਚ ਥੋੜ੍ਹੀ ਜਿੰਨੀ ਵਿੱਥ ’ਤੇ ਹਨ। ਇਸੇ ਕਰਕੇ ਸਕੂਲ ਤੋਂ ਬਾਅਦ ਘਰ ਵਿਚ ਬਹੁਤਾ ਇਕੱਠੀਆਂ ਰਹਿੰਦੀਆਂ ਹਨ। ਸਵੇਰ ਵੇਲੇ ਉਹ ਇਕੱਠੀਆਂ ਹੀ ਆਪਣੇ ਸਕੂਲ ਨੂੰ ਜਾਂਦੀਆਂ ਹਨ ਅਤੇ ਸਕੂਲ ਤੋਂ ਛੁੱਟੀ ’ਤੇ ਵੀ ਉਹ ਇਕੱਠੀਆਂ ਹੀ ਘਰ ਨੂੰ ਆਉਂਦੀਆਂ ਹਨ। ਸਕੂਲੋਂ ਮਿਲਿਆ ਘਰ ਦਾ ਕੰਮ (ਹੋਮ ਵਰਕ) ਉਹ ਆਮ ਤੌਰ ’ਤੇ ਇਕ ਥਾਂ ’ਤੇ ਬੈਠ ਕੇ ਜੀਤੀ ਦੇ ਘਰ ਹੀ ਕਰਦੀਆਂ ਹਨ। ਭਾਵੇਂ ਉਹ ਆਪਣਾ ਆਪਣਾ ਕੰਮ ਕਰਦੀਆਂ ਹਨ, ਫਿਰ ਵੀ ਲੋੜ ਪੈਣ ’ਤੇ ਇਕ ਦੂਸਰੀ ਦੀ ਸਹਾਇਤਾ ਵੀ ਕਰ ਦਿੰਦੀਆਂ ਹਨ। ਜੀਤੀ ਹਿਸਾਬ ਵਿਸ਼ੇ ਵਿਚ ਵਧੇਰੇ ਹੁਸ਼ਿਆਰ ਹੈ ਜਦੋਂ ਕਿ ਦੀਪੀ ਅੰਗਰੇਜ਼ੀ ਵੱਧ ਜਾਣਦੀ ਹੈ। ਪੰਜਾਬੀ ਅਤੇ ਹੋਰਨਾਂ ਵਿਚ ਦੋਵੇਂ ਇਕੋ ਜਿਹੀਆਂ ਹਨ। ਪੜ੍ਹਾਈ ਵਿਚ ਉਹ ਇਕ ਦੂਸਰੀ ਦਾ ਹੱਥ ਵਟਾਉਂਦੀਆਂ ਰਹਿੰਦੀਆਂ ਹਨ। ਭਾਵੇਂ ਆਮ ਤੌਰ ’ਤੇ ਉਹ ਜੀਤੀ ਦੇ ਘਰ ਹੀ ਕੰਮ ਕਰਦੀਆਂ ਹਨ, ਪਰ ਕਦੇ ਕਦੇ ਉਹ ਦੀਪੀ ਦੇ ਘਰ ਵੀ ਬੈਠ ਜਾਂਦੀਆਂ ਹਨ। ਜਦੋਂ ਉਹ ਕੰਮ ਕਰਕੇ ਥੱਕ ਜਾਂਦੀਆਂ ਹਨ ਤਾਂ ਉਹ ਕੁਝ ਸਮੇਂ ਲਈ ਖੇਡਦੀਆਂ ਵੀ ਹਨ। ਜੀਤੀ ਦੇ ਪਾਪਾ ਸਕੂਲ ਵਿਚ ਅਧਿਆਪਕ ਹਨ। ਉਸ ਦੇ ਮੰਮੀ ਨੇ ਬਾਰ੍ਹਵੀਂ ਜਮਾਤ ਤਕ ਦੀ ਪੜ੍ਹਾਈ ਕੀਤੀ ਹੋਈ ਹੈ, ਪਰ ਉਹ ਨੌਕਰੀ ਨਹੀਂ ਕਰਦੇ ਸਗੋਂ ਉਹ ਘਰ ਵਿਚ ਹੁੰਦੇ ਹਨ ਅਤੇ ਪੜ੍ਹਦੀਆਂ ਹੋਈਆਂ ਦੀਪੀ ਅਤੇ ਜੀਤੀ ਦਾ ਧਿਆਨ ਰੱਖਦੇ ਹਨ। ਕਦੇ ਕਦੇ ਜੀਤੀ ਜਾਂ ਦੀਪੀ ਨੂੰ ਜੇਕਰ ਪੜ੍ਹਨ ਸਮੇਂ ਕਿਸੇ ਸੁਆਲ ਕੱਢਦਿਆਂ ਜਾਂ ਫਿਰ ਅੰਗਰੇਜ਼ੀ ਪੜ੍ਹਦਿਆਂ ਕੋਈ ਮੁਸ਼ਕਲ ਆਵੇ ਤਾਂ ਜੀਤੀ ਦੀ ਮੰਮੀ ਜਾਂ ਉਸ ਦੇ ਪਾਪਾ ਉਨ੍ਹਾਂ ਦੀ ਮੁਸ਼ਕਲ ਦੂਰ ਕਰ ਦਿੰਦੇ ਹਨ। ਉਹ ਦੀਪੀ ਨੂੰ ਵੀ ਜੀਤੀ ਵਾਂਗ ਆਪਣੀ ਧੀ ਹੀ ਸਮਝਦੇ ਹਨ।
ਐਤਵਾਰ ਦਾ ਦਿਨ ਸੀ। ਦਿਨ ਵੇਲੇ ਉਹ ਸਵੇਰੇ ਨਹਾ ਧੋ ਕੇ ਜੀਤੀ ਦੇ ਘਰ ਬੈਠ ਕੇ ਆਪਣਾ ਸਕੂਲ ਦਾ ਕੰਮ ਕਰਦੀਆਂ ਹਨ ਅਤੇ ਸ਼ਾਮ ਵੇਲੇ ਉਹ ਆਪਣੀਆਂ ਕਿਤਾਬਾਂ ਕਾਪੀਆਂ ਆਪਣੇ ਆਪਣੇ ਬੈਗ ਵਿਚ ਪਾ ਕੇ ਸਾਂਭ ਦਿੰਦੀਆਂ ਹਨ। ਖੇਡਣ ਵਾਸਤੇ ਉਹ ਦੀਪੀ ਦੇ ਘਰ ਆਉਂਦੀਆਂ ਹਨ। ਦੀਪੀ ਦੀ ਬੀਬੀ ਉਨ੍ਹਾਂ ਦੋਵਾਂ ਨੂੰ ਦੁੱਧ ਪੀਣ ਲਈ ਬੁਲਾਉਂਦੀ ਹੈ। ਉਹ ਦੋਵੇਂ ਜਣੀਆਂ ਦੀਪੀ ਦੀ ਬੀਬੀ ਕੋਲ ਆ ਜਾਂਦੀਆਂ ਹਨ। ਦੀਪੀ ਦੀ ਬੀਬੀ ਹਾਰੇ ਵਿਚੋਂ ਦੁੱਧ ਵਾਲੀ ਕਾੜ੍ਹਨੀ ਬਾਹਰ ਕੱਢਦੀ ਹੈ। ਦੋਵਾਂ ਨੂੰ ਕਾੜ੍ਹਨੀ ਵਿਚੋਂ ਬਾਟੀਆਂ ਵਿਚ ਦੁੱਧ ਪਾ ਕੇ ਦੇਣ ਵੇਲੇ ਉਹ ਥੋੜ੍ਹੀ ਥੋੜ੍ਹੀ ਮਲਾਈ ਵੀ ਦੁੱਧ ਵਿਚ ਹੀ ਪਾ ਦਿੰਦੀ ਹੈ। ਦੋਵਾਂ ਨੂੰ ਬਾਟੀਆਂ ਫੜਾਉਂਦੀ ਹੋਈ ਦੁੱਧ ਪੀਣ ਲਈ ਆਖਦੀ ਹੈ।
‘ਪਰ , ਬੀਬੀ, ਇਸ ਦੁੱਧ ਵਿਚ ਖੰਡ ਤਾਂ ਤੁਸੀਂ ਪਾਈ ਹੀ ਨਹੀਂ ਹੈ?’ ਜੀਤੀ ਆਖਦੀ ਹੈ। ਕਿਉਂਕਿ ਦੀਪੀ ਆਪਣੀ ਦਾਦੀ ਨੂੰ ਬੀਬੀ ਆਖਦੀ ਹੈ ਤਾਂ ਉਸ ਵਾਂਗ ਹੀ ਜੀਤੀ ਵੀ ਉਸ ਨੂੰ ਬੀਬੀ ਹੀ ਆਖਦੀ ਹੈ।
‘ਧੀਏ, ਪੀ ਕੇ ਵੇਖੋ। ਜੇਕਰ ਦੁੱਧ ਮਿੱਠਾ ਨਾ ਲੱਗਿਆ ਤਾਂ ਫਿਰ ਮਿੱਠਾ ਪਾ ਦਿਆਂਗੀ।’ ਬੀਬੀ ਆਖਦੀ ਹੈ ਤਾਂ ਦੋਵੇਂ ਜਣੀਆਂ ਦੁੱਧ ਪੀਣ ਲੱਗ ਪੈਂਦੀਆਂ ਹਨ।
‘ਇਹ ਤਾਂ ਬਹੁਤ ਮਿੱਠਾ ਹੈ।’ ਦੋ ਕੁ ਘੁੱਟਾਂ ਭਰ ਕੇ ਹੀ ਜੀਤੀ ਵਿਚਾਲਿਓਂ ਹੀ ਆਖਦੀ ਹੈ, ‘ਕੀ ਇਸ ਵਿਚ ਪਹਿਲਾਂ ਹੀ ਖੰਡ ਪਾਈ ਹੋਈ ਸੀ?’
‘ਪਹਿਲਾਂ ਪੀ ਲਵੋ, ਫਿਰ ਦੱਸਦੀ ਹਾਂ।’
‘ਹਾਂ, ਦੱਸੋ, ਬੀਬੀ।’ ਛੇਤੀ ਛੇਤੀ ਦੁੱਧ ਪੀ ਕੇ ਬਾਟੀ ਰੱਖਦੀ ਹੋਈ ਜੀਤੀ ਆਖਦੀ ਹੈ। ਜੀਤੀ ਦੇ ਮਨ ਵਿਚ ਇਸ ਬਾਰੇ ਜਗਿਆਸਾ ਪੈਦਾ ਹੋ ਗਈ ਸੀ।
‘ਵੇਖੋ, ਧੀਏ, ਸਵੇਰੇ ਜਦੋਂ ਮੱਝਾਂ ਦੀ ਧਾਰ ਕੱਢੀ ਸੀ ਤਾਂ ਥੋੜ੍ਹੇ ਚਿਰ ਬਾਅਦ ਹੀ ਦੁੱਧ ਵਿਚ ਦੁੱਧ ਦੇ ਬਰਾਬਰ ਦਾ ਹੀ ਪਾਣੀ ਪਾ ਕੇ ਇਸ ਨੂੰ ਕਾੜ੍ਹਨੀ ਵਿਚ ਪਾ ਦਿੱਤਾ ਸੀ।’ ਬੀਬੀ ਨੇ ਦੋਵਾਂ ਨੂੰ ਕੋਲ ਬਿਠਾ ਕੇ ਦੱਸਣਾ ਸ਼ੁਰੂ ਕਰ ਦਿੱਤਾ, ‘ਹਾਰੇ ਵਿਚ ਪਾਥੀਆਂ ਪਾ ਕੇ ਇਨ੍ਹਾਂ ਨੂੰ ਅੱਗ ਨਾਲ ਧੁਖਣ ਵਾਂਗ ਕਰ ਦਿੱਤਾ ਸੀ। ਜਦੋਂ ਅੱਗ ਧੁਖਣ ਲੱਗ ਪਈ ਤਾਂ ਕਾੜ੍ਹਨੀ ਨੂੰ ਇਨ੍ਹਾਂ ਉੱਤੇ ਰੱਖ ਦਿੱਤਾ। ਅੱਗ ਹੌਲੀ ਹੌਲੀ ਧੁਖਦੀ ਰਹੀ ਤੇ ਇਸ ਨਾਲ ਕਾੜ੍ਹਨੀ ਵਿਚ ਪਾਇਆ ਹੋਇਆ ਦੁੱਧ ਸਾਰਾ ਦਿਨ ਹੌਲੀ ਹੌਲੀ ਕੜ੍ਹਦਾ ਰਿਹਾ। ਕਾੜ੍ਹਨੀ ਵਿਚਲਾ ਪਾਣੀ ਸ਼ਾਮ ਹੋਣ ਤਕ ਖ਼ਤਮ ਹੋ ਜਾਂਦਾ ਹੈ ਅਤੇ ਪਿੱਛੇ ਦੁੱਧ ਹੀ ਰਹਿ ਜਾਂਦਾ ਹੈ। ਸਾਰਾ ਦਿਨ ਕੜ੍ਹਨ ਕਰਕੇ ਦੁੱਧ ਦਾ ਰੰਗ ਤਾਂਬੇ ਰੰਗਾ ਹੋ ਜਾਂਦਾ ਹੈ ਅਤੇ ਇਸ ’ਤੇ ਆਈ ਹੋਈ ਮਲਾਈ ਦਾ ਰੰਗ ਵੀ ਇਸ ਵਰਗਾ ਹੀ ਹੋ ਜਾਂਦਾ ਹੈ। ਹੌਲੀ ਹੌਲੀ ਅਤੇ ਸਾਰਾ ਦਿਨ ਕੜ੍ਹਨ ਕਰਕੇ ਬਾਕੀ ਬਚਦਾ ਦੁੱਧ ਬਹੁਤ ਸੁਆਦ ਬਣ ਜਾਂਦਾ ਹੈ। ਥੋਨੂੰ ਪਤਾ ਨਹੀਂ ਹੈ ਕਿ ਦੁੱਧ ਵਿਚ ਤਾਂ ਪਹਿਲਾਂ ਹੀ ਲੋੜ ਅਨੁਸਾਰ ਮਿਠਾਸ ਹੁੰਦੀ ਹੈ। ਇਸ ਕਰਕੇ ਇਸ ਵਿਚ ਖੰਡ ਪਾਉਣ ਦੀ ਲੋੜ ਨਹੀਂ ਰਹਿੰਦੀ। ਉਂਜ ਵੀ ਖੰਡ ਜ਼ਿਆਦਾ ਖਾਣੀ ਸਿਹਤ ਵਾਸਤੇ ਹਾਨੀਕਾਰਕ ਹੁੰਦੀ ਹੈ। ਜੇ ਲੋੜ ਪਵੇ ਤਾਂ ਕੱਚੇ ਮਿੱਠੇ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ।’
‘ਇਹ ਕੱਚਾ ਮਿੱਠਾ ਕੀ ਹੁੰਦਾ ਹੈ?’ ਜੀਤੀ ਸੁਆਲ ਕਰ ਦਿੰਦੀ ਹੈ।
‘ਗੁੜ ਅਤੇ ਸ਼ੱਕਰ ਨੂੰ ਅਸੀਂ ਕੱਚਾ ਮਿੱਠਾ ਆਖਦੇ ਹਾਂ।’ ਬੀਬੀ ਸੰਖੇਪ ਵਿਚ ਜਵਾਬ ਦਿੰਦੀ ਹੈ।
‘ਬੀਬੀ, ਇਕ ਗੱਲ ਦੱਸੋ। ਇਸ ਦੁੱਧ ਵਾਲੇ ਘੜੇ ਨੂੰ ਤੁਸੀਂ ਕਾੜ੍ਹਨੀ ਆਖਦੇ ਹੋ ਤੇ ਦੂਸਰੇ ਨੂੰ ਤੁਸੀਂ … ਕੀ ਨਾਮ’ ਦੀਪੀ ਆਖਦੀ ਹੋਈ ਭੁੱਲ ਜਾਂਦੀ ਹੈ ਅਤੇ ਉਹ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਨੂੰ ਠੋਡੀ ਨਾਲ ਲਾ ਲੈਂਦੀ ਹੈ।
‘ਰਿੜਕਣਾ!’ ਬੀਬੀ, ਦੀਪੀ ਦੀ ਗੱਲ ਪੂਰੀ ਕਰਦੀ ਹੈ।
‘ਹਾਂ ਜੀ, ਹਾਂ ਜੀ।’
‘ਹਾਂ, ਧੀਏ। ਜਿਹਦੇ ਵਿਚ ਦੁੱਧ ਕੜ੍ਹਨਾ ਰੱਖੀਦਾ ਹੈ ਉਸ ਨੂੰ ਕਾੜ੍ਹਨੀ ਆਖਿਆ ਜਾਂਦਾ ਹੈ ਤੇ ਜਿਹਦੇ ਵਿਚ ਦੁੱਧ ਰਿੜਕੀਦਾ ਹੈ ਉਸ ਨੂੰ ਰਿੜਕਣਾ ਆਖਿਆ ਜਾਂਦਾ ਹੈ। ਉਸ ਨੂੰ ਚਾਟੀ ਵੀ ਆਖਿਆ ਜਾਂਦਾ ਹੈ ਅਤੇ ਚਟੂਰਾ ਵੀ ਕਹਿ ਦੇਈਦਾ ਹੈ। ਅਸਲ ਵਿਚ ਚੀਜ਼ਾਂ ਦੇ ਨਾਂ ਉਨ੍ਹਾਂ ਦੀ ਵਰਤੋਂ ਜਾਂ ਲੋੜ, ਮਹੱਤਤਾ ਅਨੁਸਾਰ ਰੱਖੇ ਜਾਂਦੇ ਹਨ। ਥੋਡੇ ਨਾਂ ਵੀ ਅਸੀਂ ਬੜੇ ਸੋਚ ਵਿਚਾਰ ਕੇ ਰੱਖੇ ਹੁੰਦੇ ਹਨ। ਜਿਵੇਂ ਮਾਪੇ ਆਪਣੇ ਧੀਆਂ ਪੁੱਤਰਾਂ ਦੇ ਨਾਮ ਸਮੇਂ, ਲੋੜ, ਹਾਲਾਤ ਅਨੁਸਾਰ ਰੱਖਦੇ ਹਨ ਉਵੇਂ ਹੀ ਚੀਜ਼ਾਂ ਦੇ ਨਾਮ ਵੀ ਬਹੁਤ ਸੋਚ ਵਿਚਾਰ ਕੇ ਰੱਖੇ ਹਨ।’’ ਬੀਬੀ ਉਨ੍ਹਾਂ ਨੂੰ ਦੱਸਣ ਲੱਗ ਪੈਂਦੀ ਹੈ।
‘ਠਹਿਰੋ, ਬੀਬੀ। ਨਾਂਵਾਂ ਬਾਰੇ ਕਿਸੇ ਦਿਨ ਫੇਰ ਪੁੱਛਾਂਗੀਆਂ। ਪਹਿਲਾਂ ਦੁੱਧ ਦੇ ਕੜ੍ਹਨ ਬਾਰੇ ਦੱਸੋ।’ ਹੁਣ ਦੀਪੀ ਵਿਚਾਲਿਓ ਹੀ ਬੋਲ ਪੈਂਦੀ ਹੈ।
‘ਹਾਂ, ਹਾਂ। ਹੁਣ ਕੀ ਮੇਰੀਆਂ ਧੀਆਂ ਨੇ ਪੁੱਛਣਾ ਹੈ?’ ਬੀਬੀ ਖੁਸ਼ ਹੋ ਜਾਂਦੀ ਹੈ।
‘ਪਹਿਲਾਂ ਇਹ ਦੱਸੋ ਕਿ ਦੁੱਧ ਨੂੰ ਹਾਰੇ ਵਿਚ ਰੱਖਣ ਤੋਂ ਪਹਿਲਾਂ, ਇਸ ਵਿਚ ਪਾਣੀ ਕਿਉਂ ਪਾਇਆ ਜਾਂਦਾ ਹੈ?’ ਦੀਪੀ ਫਿਰ ਪੁੱਛ ਲੈਂਦੀ ਹੈ।
‘ਅਸਲ ਵਿਚ ਗੱਲ ਇਹ ਹੈ ਕਿ ਦੁੱਧ ਅਤੇ ਪਾਣੀ ਦੀ ਆਪਸ ਵਿਚ ਬੜੀ ਗੂੜ੍ਹੀ ਦੋਸਤੀ ਹੈ। ਉਵੇਂ ਹੀ ਜਿਵੇਂ ਤੇਰਾ ਅਤੇ ਜੀਤੀ ਦਾ ਸਹੇਲਪੁਣਾ ਹੈ। ਜੇਕਰ ਦੁੱਧ ਨੂੰ ਬਿਨਾਂ ਪਾਣੀ ਪਾਏ ਤੋਂ ਹੀ ਕਾੜ੍ਹਨੀ ਵਿਚ ਰੱਖੀਏ ਤਾਂ ਇਹ ਸੜ ਸਕਦਾ ਹੈ। ਇਸ ਵਾਸਤੇ ਇਸ ਵਿਚ ਪਾਣੀ ਪਾਇਆ ਜਾਂਦਾ ਹੈ। ਹੁਣ ਅੱਗੇ ਦੁੱਧ ਅਤੇ ਪਾਣੀ ਦੀ ਗੂੜ੍ਹੀ ਦੋਸਤੀ ਹੋਣ ਕਰਕੇ ਪਾਣੀ, ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ ਸਗੋਂ ਪਹਿਲਾਂ ਆਪ ਸੜ ਕੇ ਉੱਡਦਾ ਹੈ। ਪਾਣੀ ਦੇ ਸੜਨ ਤੋਂ ਬਾਅਦ ਹੀ ਦੁੱਧ ਨੂੰ ਸੇਕ ਲੱਗਦਾ ਹੈ। ਹੌਲੀ ਹੌਲੀ ਦੁੱਧ ਵੀ ਕੜ੍ਹ ਜਾਂਦਾ ਹੈ। ਇਸ ਨਾਲ ਦੁੱਧ ਦੇ ਰੰਗ ਵਿਚ ਵੀ ਫ਼ਰਕ ਪੈ ਜਾਂਦਾ ਹੈ ਅਤੇ ਇਹ ਕੜ੍ਹ ਵੀ ਚੰਗੀ ਤਰ੍ਹਾਂ ਜਾਂਦਾ ਹੈ। ਉਂਜ ਸਾਨੂੰ ਇਸ ਤੋਂ ਇਕ ਸਬਕ ਵੀ ਬਹੁਤ ਵੱਡਾ ਮਿਲਦਾ ਹੈ। ਜੇਕਰ ਦੋ ਦੋਸਤਾਂ ਜਾਂ ਸਹੇਲੀਆਂ ਵਿਚ ਇਕ ਦੂਸਰੇ ਤੋਂ ਆਪਾ ਵਾਰਨ ਵਰਗਾ ਗੁਣ ਆ ਜਾਵੇ ਤਾਂ ਉਨ੍ਹਾਂ ਦੀ ਦੋਸਤੀ ਜਾਂ ਸਹੇਲਪੁਣੇ ਵਿਚ ਕਦੇ ਵੀ ਤਰੇੜ ਨਹੀਂ ਆਉਂਦੀ ਅਤੇ ਲੋਕ ਉਨ੍ਹਾਂ ਦੇ ਸਹੇਲਪੁਣੇ ਦੀਆਂ ਮਿਸਾਲਾਂ ਦਿੰਦੇ ਹਨ।’
‘ਬੀਬੀ ਵੇਖੋਗੇ ਕਿ ਮੈਂ ਅਤੇ ਦੀਪੀ ਇਸੇ ਤਰ੍ਹਾਂ ਦੀਆਂ ਹੀ ਸਹੇਲੀਆਂ ਬਣਾਂਗੀਆਂ।’ ਕਹਿੰਦੀ ਹੋਈ ਜੀਤੀ, ਦੀਪੀ ਨੂੰ ਉਠਾ ਕੇ ਖੇਡਣ ਲਈ ਤੁਰ ਪੈਂਦੀ ਹੈ।
ਗੁਰਦੀਪ ਸਿੰਘ ਢੁੱਡੀ