ਅੰਮ੍ਰਿਤਸਰ, 19 ਜੁਲਾਈ

ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕਰੋਨਾ ਨਾਲ ਮਰੇ ਦੋ ਵਿਅਕਤੀਆਂ ਦੀਆਂ ਦੇਹਾਂ ਬਦਲਣ ਦੇ ਮਾਮਲੇ ਦੀ ਜ਼ਿਲ੍ਹਾ ਮੈਜਿਸਟਰੇਟ ਵਲੋਂ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਔਰਤ ਦੀ ਲਾਸ਼ ਵਾਪਸ ਮਿਲਣ ’ਤੇ ਉਸ ਦਾ ਸਸਕਾਰ ਕੀਤਾ ਗਿਆ ਹੈ। ਇਥੇ ਪਦਮਾ ਵਾਸੀ ਔਰਤ ਅਤੇ ਪ੍ਰੀਤਮ ਸਿੰਘ ਵਾਸੀ ਜ਼ਿਲਾ ਹੁਸ਼ਿਆਰਪੁਰ ਦੀ ਕਰੋਨਾ ਕਾਰਨ ਮੌਤ ਹੋਈ ਸੀ। ਦੋਵਾਂ ਦੀਆਂ ਦੇਹਾਂ ਮੁਰਦਾਘਰ ਵਿਚ ਰੱਖੀਆਂ ਗਈਆਂ ਸਨ। ਬੀਤੇ ਦਿਨ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਦੋਵੇਂ ਦੇਹਾਂ ਵੱਖ ਵੱਖ ਥਾਵਾਂ ’ਤੇ ਚਲੀਆਂ ਗਈਆਂ। ਇਸ ਦੌਰਾਨ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਜਦੋਂ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਦਾ ਸਸਕਾਰ ਕਰਨ ਲੱਗੇ ਤਾਂ ਇਕ ਮੈਂਬਰ ਨੇ ਲਾਸ਼ ਦਾ ਚਿਹਰਾ ਦੇਖਣ ਦੀ ਇੱਛਾ ਪ੍ਰਗਟਾਈ, ਜਦੋਂ ਉਨ੍ਹਾਂ ਨੇ ਕਿਸੇ ਹੋਰ ਲਾਸ਼ ਦੇਖੀ ਤਾਂ ਉਹ ਘਬਰਾਅ ਗਏ। ਇਹ ਲਾਸ਼ ਪ੍ਰੀਤਮ ਸਿੰਘ ਦੀ ਥਾਂ ਕਿਸੇ ਔਰਤ ਦੀ ਲਾਸ਼ ਸੀ। ਦੂਜੇ ਪਾਸੇ ਅੰਮ੍ਰਿਤਸਰ ਵਿਚ ਪ੍ਰੀਤਮ ਸਿੰਘ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਸੀ। ਮ੍ਰਿਤਕ ਔਰਤ ਪਦਮਾ ਦੇ ਪਿਤਾ ਦਵਿੰਦਰ ਹੀਰਾ ਨੇ ਆਖਿਆ ਕਿ ਉਨ੍ਹਾਂ ਨੂੰ ਹੁਣ ਪ੍ਰਸ਼ਾਸਨ ਵਲੋਂ ਅੱਜ ਆਖਿਆ ਗਿਆ ਸੀ ਕਿ ਉਹ ਸ਼ਮਸ਼ਾਨਘਾਟ ਪੁੱਜਣ, ਜਿਥੇ ਦੇਹ ਨੂੰ ਸਸਕਾਰ ਲਈ ਲਿਆਂਦਾ ਗਿਆ ਹੈ। ਅੱਜ ਪਦਮਾ ਦਾ ਇਥੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਸਸਕਾਰ ਕੀਤਾ ਗਿਆ ਹੈ। ਉਸ ਦੀ ਦੇਹ ਨੂੰ ਅੱਜ ਟਾਂਡਾ ਤੋਂ ਇਥੇ ਭੇਜਿਆ ਗਿਆ ਸੀ। ਉਸ ਦੇ ਭਰਾ ਵਿਕਾਸ ਨੇ ਆਖਿਆ ਕਿ ਉਹ ਪ੍ਰੀਤਮ ਸਿੰਘ ਦੇ ਪਰਿਵਾਰ ਕੋਲੋਂ ਮੁਆਫੀ ਮੰਗਦੇ ਹਨ ਕਿ ਉਨ੍ਹਾਂ ਨੇ ਪਦਮਾ ਦੀ ਥਾਂ ’ਤੇ ਭੁਲੇਖੇ ਨਾਲ ਪ੍ਰੀਤਮ ਸਿੰਘ ਦੀ ਦੇਹ ਦਾ ਸਸਕਾਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਐੱਸਡੀਐੱਮ ਡਾ. ਸ਼ਿਵਰਾਜ ਬੱਲ ਨੂੰ ਸੌਂਪੀ ਗਈ ਹੈ, ਜੋ ਜਾਂਚ ਮਗਰੋਂ ਆਪਣੀ ਰਿਪੋਰਟ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪਣਗੇ ਅਤੇ ਮਗਰੋਂ ਅਗਲੇਰੀ ਕਾਰਵਾਈ ਹੋਵੇਗੀ। ਇਸ ਦੌਰਾਨ ਇਹ ਵੀ ਪਤਾ ਲਗਾ ਹੈ ਕਿ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਨੂੰ ਵੀ ਆਪਣੇ ਪੱਧਰ ’ਤੇ ਇਸ ਮਾਮਲੇ ਦੀ ਜਾਂਚ ਕਰਾਈ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਚੌਥਾ ਦਰਜਾ ਕਰਮਚਾਰੀਆਂ ਵਿਚ ਤਣਾਅ ਵਾਲਾ ਮਾਹੌਲ ਬਣਿਆ ਰਿਹਾ ਹੈ। ਯੂਨੀਅਨ ਆਗੂ ਨਰਿੰਦਰ ਨੇ ਆਖਿਆ ਕਿ ਉਚ ਅਧਿਕਾਰੀ ਇਸ ਮਾਮਲੇ ਵਿਚ ਸਮੁੱਚੀ ਕਾਰਵਾਈ ਹੇਠਲੇ ਕਰਮਚਾਰੀਆਂ ’ਤੇ ਕਰ ਸਕਦੇ ਹਨ। ਜੋ ਕਿ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ। ਉਨ੍ਹਾਂ ਆਖਿਆ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਇਸ ਦੀ ਪੁਸ਼ਟੀ ਡਾਕਟਰ ਵਲੋਂ ਕੀਤੀ ਜਾਂਦੀ ਹੈ। ਉਸ ਵਲੋਂ ਹੀ ਰਾਹਦਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਦਰਜਾ ਚਾਰ ਕਰਮਚਾਰੀਆਂ ਦਾ ਕੋਈ ਕਸੂਰ ਨਹੀਂ ਹੈ। ਕਾਲਜ ਪ੍ਰਸ਼ਾਸਨ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ ਅਤੇ ਦੋ ਦਰਜਾ ਚਾਰ ਕਰਮਚਾਰੀ ਮੁਅੱਤਲ ਕੀਤੇ ਹਨ। ਅਧਿਕਾਰੀਆਂ ਦਾ ਕਹਿਣਾ ਕਿ ਇਹ ਗਲਤੀ ਮ੍ਰਿਤਕ ਦੇਹਾਂ ’ਤੇ ਗਲਤ ਪਰਚੀਆਂ ਲਾਉਣ ਕਾਰਨ ਹੋਈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵਲੋਂ ਬਣਾਈ ਗਈ ਜਾਂਚ ਕਮੇਟੀ ਨੂੰ ਦੋ ਦਿਨਾਂ ਵਿਚ ਆਪਣੀ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਦੂਜੇ ਪਾਸੇ ਨਰਸਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਮਾਮਲੇ ਵਿਚ ਡਾਕਟਰਾਂ ਨੂੰ ਬਚਾਉਣ ਲਈ ਦਰਜਾ ਚਾਰ ਕਰਮਚਾਰੀਆਂ ਦੀ ਬਲੀ ਦਿੱਤੀ ਗਈ ਤਾਂ ਉਹ ਇਸ ਦਾ ਵਿਰੋਧ ਕਰਨਗੇ।