ਮੁੰਬਈ, 7 ਮਈ
ਬੌਲੀਵੁੱਡ ਫ਼ਨਕਾਰ ਸੋਨੂ ਨਿਗਮ ਨੇ ਆਖਿਆ ਕਿ ਭਾਰਤ ਵਿੱਚ ਜਿਹੜੇ ਵਿਅਕਤੀ ਕਰੋਨਾ ਰੋਕੂ ਟੀਕਾ ਲਗਵਾਉਣ ਤੋਂ ਰਹਿੰਦੇ ਹਨ ਉਹ ਖੂਨ ਦਾਨ ਕਰਨ ਲਈ ਅੱਗੇ ਆਉਣ ਕਿਉਂਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਖੂਨ ਦਾ ਗੰਭੀਰ ਸੰਕਟ ਖੜ੍ਹਾ ਹੋ ਸਕਦਾ ਹੈ। ਸੋਨੂ ਨੇ ਆਖਿਆ,‘‘ਬਲੱਡ ਬੈਂਕਾਂ ਵਿੱਚ ਖੂਨ ਦੀ ਘਾਟ ਹੋਣ ਜਾ ਰਹੀ ਹੈ। ਜਿਹੜੇ ਬੰਦਿਆਂ ਨੇ ਹਾਲੇ ਤੱਕ ਕਰੋਨਾ ਰੋਕੂ ਟੀਕਾ ਨਹੀਂ ਲਗਵਾਇਆ ਉਹ ਅੱਗੇ ਆਉਣ ਤੇ ਖੂਨ ਦਾਨ ਕਰਨ। ਆਉਣ ਵਾਲੇ ਦਿਨਾਂ ਵਿਚ ਖੂਨ ਦੀ ਵੱਡੀ ਘਾਟ ਹੋ ਸਕਦੀ ਹੈ ਅਤੇ ਇਸ ਥੁੜ੍ਹ ਨੂੰ ਖੂਨ ਦਾਨ ਕਰਕੇ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।’’
ਜੁਹੂ ਵਿੱਚ ਲੱਗੇ ਕੈਂਪ ਦੌਰਾਨ ਖੂਨ ਅਤੇ ਆਕਸੀਜਨ ਦੇ ਸਿਲੰਡਰ ਦਾਨ ਕਰਦਿਆਂ ਉਸ ਨੇ ਆਖਿਆ ਕਿ ਲੋਕ ਸਮੱਸਿਆ ਪੈਦਾ ਹੋਣ ਦਾ ਇੰਤਜ਼ਾਰ ਨਾ ਕਰਨ। ਉਸ ਨੇ ਆਖਿਆ,‘‘ਖੂਨ ਦਾ ਸੰਕਟ ਖੜ੍ਹਾ ਹੋਣ ਦਾ ਇੰਤਜ਼ਾਰ ਕਰਨ ਨਾਲੋਂ ਦੂਰਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਸਮੱਸਿਆ ਦਾ ਹੱਲ ਲੱਭਣਾ ਸ਼ੁਰੂ ਕਰੀਏ। ਮੈਂ ਜੋ ਕਰ ਰਿਹਾ ਹਾਂ ਉਹ ਸੰਕਟ ਨਾਲ ਜੂਝਣ ਦੇ ਪ੍ਰਬੰਧਾਂ ਦੀ ਕੋਸ਼ਿਸ਼ ਹੈ।’’ ਜਾਣਕਾਰੀ ਅਨੁਸਾਰ ਸੋਨੂ ਨੇ ਅੱਜ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਬੀਐੱਮਸੀ ਅਤੇ ਐਂਬੂਲੈਂਸਾਂ ਵਾਸਤੇ ਆਕਸੀਜਨ ਦੇ 250 ਸਿਲੰਡਰ (ਵੱਖ ਵੱਖ ਭਾਰ ਵਾਲੇ) ਭੇਟ ਕੀਤੇ। ਕੁਝ ਸਮਾਂ ਪਹਿਲਾਂ ਗਾਇਕ ਨੂੰ ਕਰੋਨਾ ਹੋ ਗਿਆ ਸੀ ਅਤੇ ਉਸ ਨੇ ਹਾਲੇ ਤੱਕ ਕਰੋਨਾ ਰੋਕੂ ਟੀਕਾ ਨਹੀਂ ਲਗਵਾਇਆ।